ਪੰਜਾਬ ਕਾਂਗਰਸ ਵਿੱਚ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਵੱਲੋਂ ਸੂਬਾ ਪ੍ਰਧਾਨ ਬਣਾ ਦਿੱਤਾ ਗਿਆ ਹੈ, ਪਰ ਲੰਮੇ ਸਮੇਂ ਤੋਂ ਚੱਲ ਰਿਹਾ ਪਾਰਟੀ ਵਿੱਚ ਕਲੇਸ਼ ਅਜੇ ਵੀ ਮੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦੋਵੇਂ ਤਾਕਤ ਦਾ ਪ੍ਰਦਰਸ਼ਨ ਕਰਨ ਵਿੱਚ ਰੁੱਝੇ ਹੋਏ ਹੋਏ ਹਨ। ਜਿਥੇ ਸਿੱਧੂ ਅੱਜ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਹਨ, ਉਥੇ ਹੀ ਕੈਪਟਨ ਨੇ ਵੀ ਅੱਜ ਲੋਕ ਸਭਾ ਮੈਂਬਰਾਂ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਇਆ।
ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੇ ਕਾਟੋ-ਕਲੇਸ਼ ਤੋਂ ਬਾਅਦ ਮੁੱਖ ਮੰਤਰੀ ਆਪਣੇ ਸਮਰਥਕ ਲੋਕ ਸਭਾ ਮੈਂਬਰਾਂ ਨਾਲ ਮੀਟਿੰਗ ਕਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਮੁੱਦੇ ‘ਤੇ ਵੀ ਵਿਚਾਰ-ਵਟਾਂਦਰਾ ਹੋਣਾ ਲਾਜ਼ਮੀ ਹੈ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਵਿਚ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਲਗਾਤਾਰ ਪੰਜਾਬ ਦੌਰੇ ‘ਤੇ ਹਨ। ਤਿੰਨ ਦਿਨ ਚੰਡੀਗੜ੍ਹ ਵਿੱਚ ਕਾਂਗਰਸੀ ਵਿਧਾਇਕਾਂ ਅਤੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਮੰਗਲਵਾਰ ਨੂੰ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਪਾਰਟੀ ਵਰਕਰਾਂ ਅਤੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਵੱਖ-ਵੱਖ ਥਾਵਾਂ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਉਥੇ ਹੀ ਸਿੱਧੂ ਸਮਰਥਕਾਂ ਦਾ ਦਾਅਵਾ ਹੈ ਕਿ ਅੱਜ ਉਨ੍ਹਾਂ ਦ ਘਰ 62 ਤੋਂ ਵੱਧ ਵਿਧਾਇਕ ਇਕੱਠੇ ਹੋਏ ਹਨ। ਇਸ ਦੌਰਾਨ ਕੁਲਬੀਰ ਜੀਰਾ, ਦਰਸ਼ਨ ਬਰਾੜ ਅਤੇ ਪਰਗਟ ਸਿੰਘ ਵੀ ਮੌਜੂਦ ਹਨ। ਨਾਲ ਹੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਬੁਲਾਇਆ ਗਿਆ ਹੈ। ਫਿਲਹਾਲ ਉਨ੍ਹਾਂ ਦੀ ਬੈਠਕ ਜਾਰੀ ਹੈ।
ਇਹ ਵੀ ਪੜ੍ਹੋ : ਕੈਪਟਨ ਦੇ ਹੱਕ ‘ਚ ਆਏ ਬ੍ਰਹਮ ਮੋਹਿੰਦਰਾ, ਕਿਹਾ- CM ਨਾਲ ਮਸਲਾ ਹੱਲ ਹੋਣ ‘ਤੇ ਹੀ ਕਰਾਂਗਾ ਸਿੱਧੂ ਨਾਲ ਮੁਲਾਕਾਤ