ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਚੌਥੀ ਉਦਾਸੀ ਦੌਰਾਨ ਬਗਦਾਦ ਆਏ ਅਤੇ ਸ਼ਹਿਰ ਦੇ ਪੂਰਬ ਵੱਲ ਪਹਾੜੀ ਦੇ ਹੇਠਾਂ ਬਾਗ ਵਿਚ ਜਾ ਬੈਠੇ। ਉਥੋਂ ਦੇ ਖਲੀਫੇ ਬਕਰ ਨੇ ਪ੍ਰਜਾ ਅਤੇ ਫਕੀਰਾਂ ਨੂੰ ਬੜਾ ਦੁੱਖੀ ਕਰਕੇ ਰੱਖਿਆ ਸੀ। ਅਨੇਕਾਂ ਫਕੀਰਾਂ ਨੂੰ ਕਰਾਮਾਤ ਦਿਖਾਉਣ ਲਈ ਕੈਦ ਕਰ ਕੇ ਰੱਖਿਆ ਸੀ।
ਜਦੋਂ ਬਾਬਾ ਜੀ ਉਥੇ ਸ਼ਬਦ ਗਾਉਣ ਲੱਗੇ ਤਾਂ ਭਾਈ ਮਰਦਾਨਾ ਜੀ ਰਬਾਬ ਵਜਾਉਣ ਲਗੇ ਤਾਂ ਲੋਕ ਇਕੱਠੇ ਹੋਣ ਲੱਗ ਪਏ ਤਾਂ ਖਲੀਫੇ ਦੇ ਮੁਰਸ਼ਦ ਅਬਦੁਲ ਰਹਿਮਾਨ ਨੇ ਆਪਣਾ ਚੇਲਾ ਅਬਦੁਲ ਵਜੀਦ ਬਾਬੇ ਜੀ ਨੂੰ ਗਾਉਣੋਂ ਬੰਦ ਕਰਨ ਲਈ ਭੇਜਿਆ।
ਅੱਗੇ ਬਾਬਾ ਜੀ ਅਰਬੀ ਵਿਚ ਏਸ ਸ਼ਬਦ ਦਾ ਉਚਾਰਨ ਕਰ ਰਹੇ ਸਨ :
ਸੁਣਿ ਮਨਿ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ।। ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ।।
ਬਾਬਾ ਜੀ ਦਾ ਸ਼ਬਦ ਸੁਣ ਕੇ ਮਸਤ ਹੋਇਆ ਉਹ ਹਟਾਉਣਾ ਭੁਲ ਕੇ ਬਾਬਾ ਜੀ ਦੇ ਨਾਲ ਹੀ ਗਾਉਣ ਲੱਗਾ। ਪੀਰ ਨੇ ਹੋਰ ਆਦਮੀ ਭੇਜੇ । ਜੋ ਆਵੇ, ਸ਼ਬਦ ਸੁਣ ਕੇ ਮਸਤ ਹੋ ਜਾਵੇ।
ਅਖੀਰ ਪੀਰ ਆਪ ਆਇਆ ਅਤੇ ਬਾਣੀ ਸੁਣ ਕੇ ਮਸਤ ਹੋ ਗਿਆ। ਉਸ ਨੂੰ ਕੋਈ ਖਬਰ ਨਾ ਰਹੀ । ਜਦੋਂ ਮਹਾਰਾਜ ਜੀ ਨੇ ਸ਼ਬਦ ਗਾਉਣਾ ਬੰਦ ਕਰ ਦਿੱਤਾ ਤਾਂ ਪੀਰ ਨੇ ਗੁਰੂ ਮਹਾਰਾਜ ਜੀ ਤੋਂ ਦਸਤਪੰਜਾ ਸਿਆ ਅਤੇ ਆਖਿਆ ਕਿ “ਸ਼ਰਾ ਮੁਹੰਮਦੀ ਵਿਚ ਤਾਂ ਸਰੋਦ ਕਰਨਾ ਬੁਰਾ ਫੁਰਮਾਇਆ ਹੈ” ਤਾਂ ਗੁਰੂ ਮਹਾਰਾਜ ਜੀ ਨੇ ਜਵਾਬ ਦਿਤਾ ” ਜੇ ਸਰੋਦ ਨੂੰ ਮੁਹੰਮਦ ਸਾਹਿਬ ਬੁਰਾ ਸਮਝਦੇ ਤਾਂ ਬੀਬੀ ਆਇਸ਼ਾ ਨੂੰ ਬਲੋਚਾਂ ਦੇ ਰਾਗ ਸੁਨਾਵਣ ਕਿਉਂ ਲੈ ਕੇ ਜਾਂਦੇ।”
ਏਹ ਗਲ ਘਰ ਦੇ ਭੇਤ ਦੀ ਸੁਣ ਕੇ ਪੀਰ ਚੁੱਪ ਹੋ ਗਿਆ। ਬਾਬਾ ਜੀ ਦਾ ਜਸ ਸੁਣ ਕੇ ਖਲੀਫਾ ਬਕਰ ਵੀ ਦਰਸ਼ਨ ਕਰਨ ਵਾਸਤੇ ਆਇਆ ਅਤੇ ਆਖਿਆ ਕੁਝ ਟਹਿਲ ਦੱਸੋ। ਬਾਬਾ ਜੀ ਨੇ ਆਖਿਆ ਕਰਾਮਾਤ ਕਹਿਰ ਹੈ। ਫਕੀਰਾਂ ਨੂੰ ਛੱਡ ਦੇਹ। ਤੇਰੀ ਮੁਰਾਦ ਪੁੱਤਰ ਦੀ ਹੈ, ਰੱਬ ਪੂਰੀ ਕਰੇਗਾ।
ਉਹ ਬੋਲਿਆ ਮੈਂ ਫਕੀਰਾਂ ਨੂੰ ਤਾਂ ਹੀ ਛੱਡਦਾ , ਜਦ ਤੁਸੀਂ ਇਥੇ ਰਹੋ ਹੋਵੋ। ਗੁਰੂ ਜੀ ਨੇ ਫਕੀਰ ਛੁਡਾ ਦਿਤੇ ਅਤੇ ਆਪ ਉਥੇ ਰਹੇ। ਗੁਰੂ ਮਹਾਰਾਜ ਜੀ ਕਿਰਪਾ ਨਾਲ ਖਲੀਫੇ ਦੇ ਘਰ ਪੁੱਤਰ ਨੇ ਜਨਮ ਲਿਆ ਅਤੇ ਖਲੀਫੇ ਦੀ ਬੇਗਮ ਨੇ ਗੁਰੂ ਮਹਾਰਾਜ ਜੀ ਵਾਸਤੇ ਰੇਸ਼ਮੀ ਕੱਪੜੇ ਦਾ ਚੋਲਾ ਆਪਣੇ ਹੱਥੀ ਤਿਆਰ ਕੀਤਾ ਅਤੇ ਹੀਰੇ ਜਵਾਹਰਾਤ ਅਤੇ ਰੇਸ਼ਮੀ ਚੋਲਾ ਮਹਾਰਾਜ ਜੀ ਨੂੰ ਭੇਟਾ ਕੀਤਾ।
ਇਹ ਵੀ ਪੜ੍ਹੋ : ਜਦੋਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਲੋਕਾਂ ਨੂੰ ਮਿਲਿਆ ਮਿੱਠਾ ਜਲ
ਮਹਾਰਾਜ ਜੀ ਨੇ ਕੋਈ ਵੀ ਭੇਟਾ ਸਵੀਕਾਰ ਨਹੀਂ ਕੀਤੀ ਤਾਂ ਖਲੀਫੇ ਨੇ ਚੋਲਾ ਮੱਲੋ-ਮੱਲੀ ਗੁਰੂ ਮਹਾਰਾਜ ਜੀ ਦੇ ਗਲ ਵਿਚ ਪਾ ਦਿਤਾ ਅਤੇ ਹੱਥ ਜੋੜ ਕੇ ਆਖਿਆ ਕੁਝ ਉਪਦੇਸ਼ ਕਰੋ। ਤਾਂ ਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ।
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ।। ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ।।
ਖਲੀਫੇ ਨੇ ਇਹ ਸ਼ਬਦ ਲਿਖ ਕੇ ਕੰਠ ਕਰ ਲਏ ਅਤੇ ਆਪਣਾ ਜੀਵਨ ਸੁਧਾਰ ਲੀਤਾ।।