ਚੰਡੀਗੜ੍ਹ : ਦਿੱਲੀ ਦੇ ਜੰਤਰ-ਮੰਤਰ ਵਿਖੇ ਕਿਸਾਨਾਂ ਦੇ ਵਿਰੋਧ ਵਾਲੀ ਥਾਂ ‘ਤੇ ਇੱਕ ਪੱਤਰਕਾਰ ‘ਤੇ ਹੋਏ ਕਥਿਤ ਹਮਲੇ ਦੀ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਤੋਂ ਕਿਸਾਨਾਂ ਨੂੰ ‘ਗੁੰਡੇ’ ਕਹਿਣ ਲਈ ਅਸਤੀਫਾ ਦੇਣ ਦੀ ਮੰਗ ਕੀਤੀ।
ਪਿਛਲੇ 8 ਮਹੀਨਿਆਂ ਤੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਦੀ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੱਤਾਧਾਰੀ ਧਿਰ ਦੀ ਅਸਹਿਮਤੀ ਅਤੇ ਵਿਰੋਧ ਦੇ ਦੀਆਂ ਅਵਾਜ਼ਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਐਨਡੀਏ ਸਰਕਾਰ ਕਿਸਾਨਾਂ ਦੀ ਭਾਵਨਾ ਨੂੰ ਤੋੜਨ ਵਿਚ ਅਸਫਲ ਰਹੀ ਹੈ। ਦੈਨਿਕ ਭਾਸਕਰ ਮੀਡੀਆ ਸਮੂਹ ‘ਤੇ ਆਈ ਟੀ ਦੀ ਛਾਪੇਮਾਰੀ ਦੀ ਤਾਜ਼ਾ ਘਟਨਾ ਦਾ ਹਵਾਲਾ ਦਿੰਦੇ ਹੋਏ ਕੈਪਟਨ ਨੇ ਕਿਸਾਨਾਂ ਦੀ ਹਰ ਇਕ ਅਵਾਜ, ਜੋ ਐਨ.ਡੀ.ਏ ਸਰਕਾਰ ਖਿਲਾਫ ਬੋਲਣ ਦੀ ਹਿੰਮਤ ਰਖਦਾ ਹੈ, ਨੂੰ ਦਬਾਉਣ ਲਈ ਉਨ੍ਹਾਂ ਸਖਤ ਨਿੰਦਾ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਕਿਸਾਨੀ ਪਾਰਲੀਮੈਂਟ ਨੂੰ ਕਵਰ ਕਰਨ ਵਾਲੇ ਪੱਤਰਕਾਰ ‘ਤੇ ਹਮਲਾ ਸ਼ਰਮਨਾਕ ਸੀ ਅਤੇ ਦੋਸ਼ੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ, ਪਰ ਕੇਂਦਰੀ ਮੰਤਰੀ ਦੀ ਪ੍ਰਤੀਕ੍ਰਿਆ ਪੂਰੀ ਤਰ੍ਹਾਂ ਬੇਲੋੜੀ ਅਤੇ ਭੜਕਾਊ ਸੀ।
ਉਨ੍ਹਾਂ ਕਿਹਾ ਕਿ ਲੇਖੀ ਨੂੰ ਇਸ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੂੰ ਕੇਸ ਦਾਇਰ ਕਰਕੇ ਦੋਸ਼ੀ ਦੀ ਪਛਾਣ ਕਰਨ ਲਈ ਕੇਸ ਦੀ ਪੜਤਾਲ ਕਰਨੀ ਚਾਹੀਦੀ ਹੈ ਅਤੇ ਕਾਨੂੰਨ ਨੂੰ ਆਪਣਾ ਰਾਹ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਘਟਨਾ ਨੂੰ ਲੈ ਕੇ ਅਸ਼ਾਂਤ ਢੰਗ ਨਾਲ ਕਿਸਾਨਾਂ ਦੀ ਨਿੰਦਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਕਿਸਾਨਾਂ ਵੱਲੋਂ ਦਿੱਲੀ ਦੀ ਸਰਹੱਦ ‘ਤੇ ਅੰਦੋਲਨ ਸ਼ੁਰੂ ਕੀਤੇ ਜਾਣ ਤੋਂ ਬਾਅਦ ਭਾਜਪਾ ਦੇ ਵੱਖ-ਵੱਖ ਨੇਤਾਵਾਂ ਵੱਲੋਂ ਵੱਖ-ਵੱਖ ਟਿੱਪਣੀਆਂ ਵੱਲ ਇਸ਼ਾਰਾ ਕਰਦਿਆਂ ਕੈਪਟਨ ਨੇ ਕਿਹਾ ਕਿ ਸੱਤਾਧਾਰੀ ਧਿਰ ਸ਼ੁਰੂ ਤੋਂ ਹੀ ਕਿਸਾਨਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਯਾਦ ਦਿਵਾਇਆ ਕਿ ਭਾਜਪਾ ਨੇਤਾਵਾਂ ਨੇ ਪਹਿਲਾਂ ਵੀ ‘ਅੱਤਵਾਦੀ’ ਅਤੇ ‘ਸ਼ਹਿਰੀ ਨਕਸਲੀਆਂ’ ਵਰਗੇ ਬਦਨਾਮੀ ਵਾਲੇ ਸ਼ਬਦ ਵਰਤ ਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗੁਆਉਣ ਤੋਂ ਰੋਕਣ ਵਿਚ ਅਸਫਲ ਰਹਿਣ ਤੋਂ ਬਾਅਦ ਭਾਜਪਾ ਲੀਡਰਸ਼ਿਪ ਇਕ ਵਾਰ ਫਿਰ ਨਿਰਾਸ਼ਾ ਦੇ ਮੱਦੇਨਜ਼ਰ ਅਜਿਹੀ ਸ਼ਰਮਨਾਕ ਚਾਲਾਂ ਦਾ ਸਹਾਰਾ ਲੈ ਰਹੀ ਹੈ।
ਕਠੋਰ ਕਾਨੂੰਨਾਂ ਦੇ ਲਾਗੂ ਹੋਣ ਤੋਂ ਲੈ ਕੇ ਕਿਸਾਨਾਂ ਪ੍ਰਤੀ ਉਨ੍ਹਾਂ ਦੇ ਉਦਾਸੀਨ ਵਤੀਰੇ ਤੱਕ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵਾਰ-ਵਾਰ ਸਾਬਤ ਕਰ ਦਿੱਤਾ ਕਿ ਉਹ ਅੰਨਦਾਤਾਵਾਂ ਦੀ ਆਵਾਜ਼ ਸੁਣਨ ਵਿਚ ਦਿਲਚਸਪੀ ਨਹੀਂ ਰੱਖਦੀ।