ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿੱਚ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਨਵਜੋਤ ਸਿੱਧੂ ਦੇ ਤਾਜਪੋਸ਼ੀ ਦੌਰਾਨ ਪਾਰਟੀ ਦੇ ਕਈ ਵੱਡੇ ਨੇਤਾਵਾਂ ਨੇ ਆਪਣੀ ਗੱਲ ਰੱਖੀ ਪਰ ਇਨ੍ਹਾਂ ਵਿੱਚ ਸਭ ਤੋਂ ਦਮਦਾਰ ਸਪੀਚ ਰਹੀ ਸੁਨੀਲ ਜਾਖੜ ਦੀ ਸੀ।
ਜਾਖੜ ਨੂੰ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਹੈ। ਸਟੇਜ ਤੋਂ ਤਕਰੀਬਨ 25 ਮਿੰਟ ਦੇ ਆਪਣੇ ਭਾਸ਼ਣ ਵਿਚ ਜਾਖੜ ਨੇ ਦਮਦਾਰ ਅੰਦਾਜ਼ ਵਿੱਚ ਕਦੇ ਪਾਰਟੀ ਆਗੂਆਂ ਦੇ ਨਾਂ ਲੈ ਕੇ ਤੇ ਕਦੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸਾਰਿਆਂ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ।
ਜਾਖੜ ਨੇ ਸਿੱਧੇ-ਅਸਿੱਧੇ ਤੌਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਹ ਸਭ ਕਹਿ ਦਿੱਤਾ ਜੋ ਉਹ ਕਾਂਗਰਸੀ ਦੇ ਤੌਰ ‘ਤੇ ਮਹਿਸੂਸ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਹੋਏ ਸੁਨੀਲ ਜਾਖੜ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਭਾਵ ਹੇਠ ਸੰਗਠਨ ਲਈ ਕੰਮ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਜਾਖੜ ਆਪਣੇ ਭਾਸ਼ਣ ਵਿਚ ਇਸ ਦਾ ਅਪ੍ਰਤੱਖ ਰੂਪ ਵਿਚ ਜ਼ਿਕਰ ਕਰਨਾ ਨਹੀਂ ਭੁੱਲੇ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਤਿਹਾਸ ਦੱਸੇਗਾ ਕਿ ਕਿਸ ਦਾ ਕੰਮ ਕਿਹੋ ਜਿਹਾ ਰਿਹਾ।
ਆਪਣੇ ਭਾਸ਼ਣ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਕਿਹਾ- ਹਰ ਕੋਈ ਜਾਣਦਾ ਹੈ ਕਿ ਉਸਦੀ ਆਪਣੀ ਪਾਰਟੀ ਦੇ ਕੁਝ ਗੱਦਾਰ ਪਿਛਲੇ ਦਿਨੀਂ ਅਮਿਤ ਸ਼ਾਹ ਅਤੇ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ। ਇਹ ਲੋਕ ਸੋਚ ਰਹੇ ਸਨ ਕਿ ਜਦੋਂ ਵੀ ਸਮਾਂ ਮਿਲੇਗਾ, ਉਹ ਛਾਲ ਮਾਰ ਦੇਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ- ‘ਮੈਂ 20 ਸਾਲਾਂ ਤੋਂ ਕੈਪਟਨ ਅਮਰਿੰਦਰ ਨਾਲ ਕੰਮ ਕੀਤਾ ਹੈ। ਸੀਐਮ ਅਤੇ ਮੇਰਾ ਬਹੁਤ ਗੂੜ੍ਹਾ ਰਿਸ਼ਤਾ ਹੈ। ਕੈਪਟਨ ਮੇਰੇ ਤੇ ਮੈਂ ਕੈਪਟਨ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹਾਂ। ਮੈਂ ਯਾਰੀ ਦਿਲ ਨਾਲ ਨਿਭਾਉਂਦਾ ਹਾਂ। ਕੈਪਟਨ ਨਾਲ ਦਿਲ ਨਾਲ ਯਾਰੀ ਨਿਭਾਈ ਹੈ ਅਤੇ ਕੁਝ ਨਾਲ ਦੁਸ਼ਮਣੀ ਵੀ ਦਿਲੋਂ ਨਿਭਾਈ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਵਿੱਤ ਮੰਤਰੀ ਨੇ ਦਿੱਤੀ ਵਧਾਈ, ਤਾਜਪੋਸ਼ੀ ਤੋਂ ਬਾਅਦ ਸਿੱਧੂ ਦਾ ਕਿਸਾਨਾਂ ਲਈ ਵੱਡਾ ਬਿਆਨ
ਜਾਖੜ ਨੇ ਨਵਜੋਤ ਸਿੱਧੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਨਸਾਨ ਦੀ ਪਰਖ ਇੱਕ ਵਾਰ ਹੁੰਦੀ ਹੈ, ਵਾਰ-ਵਾਰ ਨਹੀਂ। ਉਨ੍ਹਾਂ ਕਿਹਾ ਸਿੱਧੂ ਮੇਰੀ ਗੱਲ ਧਿਆਨ ਨਾਲ ਸੁਣਨਾ। ਹਾਈਕਮਾਨ ਨੇ ਇਹ ਜ਼ਿੰਮੇਵਾਰੀ ਤੁਹਾਨੂੰ ਸੋਚ ਸਮਝ ਕੇ ਦਿੱਤੀ ਹੈ। ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ। ਜੋ ਲੋਕ ਹੁਣ ਤੱਕ ਸੁਨੀਲ ਜਾਖੜ ਵਿੱਚ ਪੰਜਾਬ ਪ੍ਰਧਾਨ ਵੇਖਦੇ ਸਨ, ਉਹ ਅੱਜ ਤੋਂ ਸਿੱਧੂ ਵਿੱਚ ਦੇਖਣਗੇ, ਜਿਸ ਦੀ ਮੈਨੂੰ ਖੁਸ਼ੀ ਹੈ। ਉਨ੍ਹਾਂ ਹਾਈਕਮਾਨ ਦਾ ਵੀ ਧੰਨਵਾਦ ਕੀਤਾ।