ਪੰਜਾਬ ਵਿਚ ਸ਼ਨੀਵਾਰ ਸਵੇਰੇ ਕਰੀਬ 10.30 ਵਜੇ ਅੰਮ੍ਰਿਤਸਰ ਤੋਂ ਅਬੋਹਰ ਆ ਰਹੀ ਇਕ ਕੰਪਨੀ ਦੀ ਬੱਸ ਮਲੋਟ ਰੋਡ ‘ਤੇ ਪਿੰਡ ਗੋਬਿੰਦਗੜ ਨੇੜੇ ਦਰੱਖਤ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਅੱਗਿਓਂ ਦੋਫਾੜ ਹੋ ਗਈ। ਹਾਦਸੇ ਵਿਚ ਬੱਸ ‘ਚ ਸਵਾਰ 30 ਯਾਤਰੀਆਂ ਵਿਚੋਂ 10 ਲੋਕ ਜ਼ਖਮੀ ਹੋ ਗਏ ਜਦਕਿ ਇਕ ਨੌਜਵਾਨ ਦੀ ਮੌਤ ਹੋ ਗਈ। ਬੱਸ ਨਾਲ ਟਕਰਾਉਣ ਕਾਰਨ ਬੱਸ ਦੇ ਪਿੱਛੇ ਆ ਰਹੀ ਇੱਕ ਸਕਾਰਪੀਓ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉਥੇ ਹੀ ਹਾਦਸੇ ਤੋਂ ਬਾਅਦ, ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਕੰਡਕਟਰ ਦਾ ਕੁਟਾਪਾ ਚਾੜ੍ਹਿਆ, ਜਿਸ ਕਾਰਨ ਉਸਦੀ ਬਾਂਹ ਟੁੱਟ ਗਈ।
ਮਿਲੀ ਜਾਣਕਾਰੀ ਮੁਤਾਬਕ ਰਾਜ ਟਰਾਂਸਪੋਰਟ ਕੰਪਨੀ ਦੀ ਬੱਸ ਅੰਮ੍ਰਿਤਸਰ ਤੋਂ ਅਬੋਹਰ ਰਾਹੀਂ ਮੁਕਤਸਰ ਆ ਰਹੀ ਸੀ। ਸਵੇਰੇ 10.30 ਵਜੇ ਜਿਵੇਂ ਹੀ ਬੱਸ ਪਿੰਡ ਗੋਬਿੰਦਗੜ-ਕੁੰਡਲ ਕੋਲ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਉਹ ਸੜਕ ਦੇ ਕੰਢੇ ਲੱਗੇ ਦਰੱਖਤ ਨਾਲ ਟਕਰਾ ਗਈ। ਡਰਾਈਵਰ ਛਾਲ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਅਤੇ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਜਦੋਂ ਬੱਸ ਚਾਲਕ ਫਰਾਰ ਹੋ ਗਿਆ, ਲੋਕਾਂ ਨੇ ਬੱਸ ਦੇ ਕੰਡਕਟਰ ਹਰਬੰਸ ਸਿੰਘ ਨੂੰ ਕਾਬੂ ਕਰ ਕੇ ਉਸ ਦਾ ਕੁਟਾਪਾ ਚਾੜ੍ਹਿਆ। ਇਸ ਨਾਲ ਉਸਦੀ ਇਕ ਬਾਂਹ ਟੁੱਟ ਗਈ। ਇਸ ਤੋਂ ਬਾਅਦ ਜ਼ਖਮੀਆਂ ਨੂੰ 108 ਐਂਬੂਲੈਂਸਾਂ ਰਾਹੀਂ ਸਰਕਾਰੀ ਹਸਪਤਾਲ ਅਬੋਹਰ ਲਿਜਾਇਆ ਗਿਆ। ਥਾਣਾ ਸਦਰ ਦੇ ਇੰਚਾਰਜ ਅਤੇ ਡੀਐਸਪੀ ਦਿਹਾਤੀ ਅਵਤਾਰ ਸਿੰਘ ਪੁਲਿਸ ਸਮੇਤ ਮੌਕੇ ‘ਤੇ ਪਹੁੰਚੇ।
ਇਹ ਵੀ ਪੜ੍ਹੋ : ਫਗਵਾੜਾ ‘ਚ ਕਿਸਾਨਾਂ ਨੇ ਘੇਰਿਆ ਭਾਜਪਾ ਆਗੂਆਂ ਨੂੰ, ਫਾੜੇ ਟੈਂਟ, ਪ੍ਰੋਗਰਾਮ ਹੋਇਆ ਮੁਲਤਵੀ
ਇਸ ਹਾਦਸੇ ਵਿੱਚ ਹਰਨਾਮ ਸਿੰਘ ਨਿਵਾਸੀ ਮੁਹੱਲਾ ਜ਼ਿਲ੍ਹਾ ਮੁਕਤਸਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ 55 ਸਾਲਾ ਜਸਵਿੰਦਰ ਕੌਰ ਪਤਨੀ ਕੇਵਲ ਸਿੰਘ ਵਾਸੀ ਜੀਰਾ, 30 ਸਾਲਾ ਅੰਗਰੇਜ਼ ਸਿੰਘ ਪੁੱਤਰ ਮੱਖਣ ਸਿੰਘ, 22 ਸਾਲਾ ਅਮਨਦੀਪ ਕੌਰ ਪਤਨੀ ਅੰਗਰੇਜ ਸਿੰਘ, ਚਕ ਜਾਨੀਸਰ ਨਿਵਾਸੀ ਲਗਭਗ 28 ਸਾਲਾ ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ, ਬਲਾਇਤ ਪੁਰਾ ਨਿਵਾਸੀ 14 ਸਾਲਾ ਹਰਜੋਤ ਕੌਰ ਪੁੱਤਰੀ ਭੁਪਿੰਦਰ ਸਿੰਘ, ਰੱਤਾ ਟਿੱਬਾ ਨਿਵਾਸੀ 50 ਸਾਲਾ ਜਸਪਿੰਦਰ ਕੌਰ ਪਤਨੀ ਤਲਵਿੰਦਰ ਸਿੰਘ, ਪਿੰਡ ਮੋਹਲਾ ਨਿਵਾਸੀ 60 ਸਾਲਾ ਸਤੀਸ਼ ਪੁੱਤਰ ਖਜਾਨ ਚੰਦ, ਅੰਮ੍ਰਿਤਸਰ ਨਿਵਾਸੀ 30 ਸਾਲਾ ਮੀਨੂ ਪਤਨੀ ਗੁਰਪ੍ਰੀਤ ਸਿੰਘ, ਚਕ ਜਾਨੀਸਰ ਨਿਵਾਸੀ ਕਰਨਜੀਤ ਕੌਰ ਪਤਨੀ ਟੇਕ ਸਿੰਘ ਅਤੇ ਚੱਕੀ ਵਿੰਡ ਨਿਵਾਸੀ ਹਰਵੰਸ਼ ਸਿੰਘ ਪੁੱਤਰ ਜਸਵੀਰ ਸਿੰਘ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਸਵਿੰਦਰ ਕੌਰ, ਜਸਪਿੰਦਰ ਕੌਰ, ਸਤੀਸ਼ ਕੁਮਾਰ, ਮੀਨੂ, ਕਰਣਜੀਤ ਕੌਰ ਅਤੇ ਹਰਬੰਸ ਸਿੰਘ ਨੂੰ ਫਰੀਦਕੋਟ ਸਣੇ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਉਥੇ ਹੀ ਪਰਮਜੀਤ ਸਿੰਘ ਅਤੇ ਹਰਜੋਤ ਕੌਰ ਛੁੱਟੀ ਲੈ ਕੇ ਘਰ ਚਲੇ ਗਏ। ਅੰਗਰੇਜ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।