ਸੰਸਦ ਦੇ ਮੌਨਸੂਨ ਸੈਸ਼ਨ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੋਮਵਾਰ ਨੂੰ ਆਪਣੇ ਪੰਜ ਦਿਨਾਂ ਦੌਰੇ ‘ਤੇ ਦਿੱਲੀ ਪਹੁੰਚ ਗਈ ਹੈ । ਪੱਛਮੀ ਬੰਗਾਲ ਵਿਚ ਤੀਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦਾ ਰਾਸ਼ਟਰੀ ਰਾਜਧਾਨੀ ਦਾ ਪਹਿਲਾ ਦੌਰਾ ਹੈ ਅਤੇ ਉਹ ਮੰਗਲਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੀ ਹੈ।
ਦਰਅਸਲ, ਤ੍ਰਿਣਮੂਲ ਕਾਂਗਰਸ ਵੱਲੋਂ ਜਾਰੀ ਕੀਤੇ ਗਈ ਪੰਜ ਦਿਨਾ ਦੌਰੇ ਦੇ ਸ਼ਡਿਊਲ ਦੇ ਅਨੁਸਾਰ ਮਮਤਾ ਬੈਨਰਜੀ ਅੱਜ ਸ਼ਾਮ 4 ਵਜੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ ।
ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਮੀਂਹ ਨੇ ਮਚਾਈ ਤਬਾਹੀ, ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 164, 100 ਲਾਪਤਾ
ਸੂਤਰਾਂ ਅਨੁਸਾਰ ਮਮਤਾ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰ ਸਕਦੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਇਲਾਵਾ ਬੈਨਰਜੀ ਦਾ ਕਮਲਨਾਥ, ਆਨੰਦ ਸ਼ਰਮਾ ਅਤੇ ਅਭਿਸ਼ੇਕ ਮਨੂ ਸਿੰਘਵੀ ਸਮੇਤ ਹੋਰਨਾਂ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਵੀ ਹੈ।
ਦੱਸ ਦੇਈਏ ਕਿ ਬੈਨਰਜੀ ਦੇ ਇਸ ਦੌਰੇ ਦੇ ਨਾਲ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦੀਆਂ ਕਿਆਸਾਂ ਤੇਜ਼ ਹੋ ਗਈਆਂ ਹਨ । ਪਿਛਲੇ ਹਫਤੇ ਬਹੁਤ ਸਾਰੇ ਵਿਰੋਧੀ ਆਗੂ ਟੀਐਮਸੀ ਦੇ ਸਾਲਾਨਾ ਸ਼ਹੀਦੀ ਦਿਵਸ ਸਮਾਰੋਹਾਂ ਵਿੱਚ ਪਹੁੰਚੇ ਸਨ। ਇਨ੍ਹਾਂ ਵਿੱਚ ਕਾਂਗਰਸ ਦੇ ਪੀ ਚਿਦੰਬਰਮ ਅਤੇ ਦਿਗਵਿਜੇ ਸਿੰਘ, ਸ਼ਰਦ ਪਵਾਰ ਅਤੇ ਸੁਪ੍ਰੀਆ ਸੁਲੇ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਆਰਜੇਡੀ ਦੇ ਮਨੋਜ ਝਾ, ਡੀਐਮਕੇ ਦੇ ਤਿਰੂਚੀ ਸ਼ਿਵਾ, ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਦਾ ਨਾਮ ਸ਼ਾਮਿਲ ਹੈ।