ਪੂਰੀ ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ। ਮਹਾਂਮਾਰੀ ਨੂੰ ਖਤਮ ਕਰਨ ਲਈ ਸਾਰੇ ਦੇਸ਼ਾਂ ਵੱਲੋਂ ਟੀਕਾਕਰਨ ਦੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਇਸੇ ਵਿਚਾਲੇ ਹੁਣ WHO ਵੱਲੋਂ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟਸ ਅਤੇ ਹੌਲੀ ਟੀਕਾਕਰਨ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। WHO ਵੱਲੋਂ ਕੋਰੋਨਾ ਦੇ ਡੈਲਟਾ ਵੈਰੀਐਂਟ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਗਈ ਹੈ।
ਦਰਅਸਲ, WHO ਦੇ ਐਮਰਜੈਂਸੀ ਡਾਇਰੈਕਟਰ ਮਾਇਕਲ ਰਿਆਨ ਨੇ ਕਿਹਾ ਕਿ ਟੀਕਾਕਰਨ ਦੇ ਇਲਾਵਾ ਕੋਰੋਨਾ ਤੋਂ ਬਚਣ ਦਾ ਕੋਈ ਜਾਦੂਈ ਉਪਾਅ ਨਹੀਂ ਹੈ। WHO ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੈਲਟਾ ਵੈਰੀਐਂਟ ਦੁਨੀਆ ਦੇ 132 ਦੇਸ਼ਾਂ ਅਤੇ ਹਿੱਸਿਆਂ ਵਿੱਚ ਫੈਲ ਚੁੱਕਿਆ ਹੈ।
ਰਿਆਨ ਨੇ ਇਸ ਤੋਂ ਅੱਗੇ ਕਿਹਾ ਕਿ ਡੈਲਟਾ ਵੈਰੀਐਂਟ ਇੱਕ ਚੇਤਾਵਨੀ ਹੈ। ਇਹ ਚੇਤਾਵਨੀ ਇਸ ਲਈ ਹੈ ਕਿਉਂਕਿ ਵਾਇਰਸ ਮੁੜ ਵਿਕਸਿਤ ਹੋ ਰਿਹਾ ਹੈ, ਪਰ ਇਹ ਸਾਵਧਾਨ ਰਹਿਣ ਦਾ ਸਮਾਂ ਹੈ ਕਿ ਇਸ ਤੋਂ ਪਹਿਲਾਂ ਵੈਰੀਐਂਟ ਨਾਲ ਜੁੜੇ ਮਾਮਲੇ ਸਾਹਮਣੇ ਆਉਣ ਸਾਨੂੰ ਕੁਝ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ WHO ਮੁਖੀ ਟੇਡਰੋਸ ਨੇ ਵੀ ਕਿਹਾ ਕਿ ਹੁਣ ਤੱਕ ਚਾਰ ਵੈਰੀਐਂਟਸ ਆਫ਼ ਕੰਸਰਨ ਸਾਹਮਣੇ ਆ ਚੁੱਕੇ ਹਨ ਅਤੇ ਜਦੋਂ ਤੱਕ ਇਹ ਵਾਇਰਸ ਫੈਲਦਾ ਰਹੇਗਾ ਉਦੋਂ ਤੱਕ ਵੈਰੀਐਂਟਸ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਬੀਤੇ 4 ਹਫਤਿਆਂ ਵਿੱਚ WHO ਦੇ 6 ਖੇਤਰਾਂ ਵਿੱਚੋਂ 5 ਵਿੱਚ 80 ਫ਼ੀਸਦੀ ਤੱਕ ਸੰਕ੍ਰਮਣ ਵੱਧ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਡਾ. ਰਿਆਨ ਨੇ ਕਿਹਾ ਕਿ ਡੈਲਟਾ ਨੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ, ਪਰ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਸਾਰੇ ਉਪਾਅ ਕੰਮ ਆ ਰਹੇ ਹਨ। ਇਨ੍ਹਾਂ ਵਿੱਚ ਫਿਜ਼ੀਕਲ ਦੂਰੀ, ਮਾਸਕ ਪਾਉਣਾ, ਹੱਥਾਂ ਦੀ ਸਫਾਈ ਅਤੇ ਖਰਾਬ ਵੈਂਟੀਲੇਸ਼ਨ ਵਿੱਚ ਜ਼ਿਆਦਾ ਸਮਾਂ ਬਿਤਾਉਣ ਤੋਂ ਬਚਣਾ ਸ਼ਾਮਿਲ ਹੈ।
ਉਨ੍ਹਾਂ ਕਿਹਾ ਕਿ ਸੰਗਠਨ ਚਾਹੁੰਦਾ ਹੈ ਕਿ ਸਾਰੇ ਦੇਸ਼ ਸਤੰਬਰ ਦੇ ਅੰਤ ਤੱਕ ਘੱਟੋਂ-ਘੱਟ 10 ਫ਼ੀਸਦੀ ਅਬਾਦੀ ਦਾ ਟੀਕਾਕਰਨ ਕਰ ਲੈਣ। ਉੱਥੇ ਹੀ ਇਸ ਸਾਲ ਦੇ ਅੰਤ ਤੱਕ ਇਹ ਅੰਕੜਾ 40 ਫ਼ੀਸਦੀ ਅਤੇ 2022 ਦੇ ਮੱਧ ਤੱਕ 70 ਪ੍ਰਤੀਸ਼ਤ ਹੋਣ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸਾਰੇ ਟੀਚਿਆਂ ਨੂੰ ਹਾਸਿਲ ਕਰਨ ਕਰਨ ਤੋਂ ਹਾਲੇ ਬਹੁਤ ਦੂਰ ਹਾਂ।