guru harkrishan ji : ਗੁਰੂ ਹਰਿਕ੍ਰਿਸ਼ਨ ਸਾਹਿਬ ਜੀ (7 ਜੁਲਾਈ 1656-30 ਮਾਰਚ 1664), ਸਿੱਖਾਂ ਦੇ ਅੱਠਵੇਂ ਗੁਰੂ ਸਨ । ਆਪ ਜੀ ਦਾ ਜਨਮ ਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ । 6 ਅਕਤੂਬਰ ਸੰਨ 1661 ਈ. ਨੂੰ ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਦੀ ਜ਼ਿੰਮੇਵਾਰੀ ਸੌਂਪ ਕੇ ਗੁਰੂ ਹਰਿ ਰਾਇ ਜੀ ਨੇ ਹਦਾਇਤ ਕੀਤੀ ਕਿ ਤੁਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ । ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ । ਦਿੱਲੀ ਵਿੱਚ ਬੁਖਾਰ ਤੇ ਚੇਚਕ ਦੀ ਬਿਮਾਰੀ ਫੈਲ ਗਈ । ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾ ਨੂੰ ਇਸ ਲਈ ਵਰਤਿਆ । ਰੋਗੀਆਂ ਦੀ ਸੇਵਾ ਕਰਦਿਆਂ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ‘ਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ। ਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ ।
ਜਦ ਗੁਰੂ ਹਰਿ ਰਾਇ ਜੋਤੀ ਜੋਤ ਸਮਾਏ, ਆਪਜੀ ਦੀ ਉਮਰ 5 ਸਾਲ 2 ਮਹੀਨੇ 12 ਦਿਨ ਦੀ ਸੀ। ਗੁਰੂ ਹਰਿ ਕ੍ਰਿਸ਼ਨ ਗੁਰੂ ਸਾਹਿਬਾਨਾ ਦੀਆਂ 10 ਜੋਤਾਂ ਵਿਚੋਂ ਸਭ ਤੋਂ ਛੋਟੀ ਸੰਸਾਰਿਕ ਉਮਰ ਦੇ ਸਨ ਇਸੇ ਕਰਕੇ ਸਿਖ ਜਗਤ ਇਨ੍ਹਾ ਨੂੰ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦਾ ਹੈ। ਗੁਰਗੱਦੀ ਵਕਤ ਵੀ ਉਨ੍ਹਾ ਦੀ ਉਮਰ ਸਿਰਫ ਪੰਜ ਸਾਲ ਤਿੰਨ ਮਹੀਨੇ ਦੀ ਸੀ। ਇਨ੍ਹਾ ਨੇ ਇਤਨੀ ਛੋਟੀ ਉਮਰ ਵਿਚ ਸਿਰਫ ਢਾਈ ਸਾਲ ਗੁਰਗਦੀ ਦੇ ਦੋਰਾਨ ,ਖਾਲੀ ਜਿਮੇਵਾਰੀ ਹੀ ਨਹੀ ਨਿਭਾਈ ਸਗੋਂ ਗੁਰੂ ਸਹਿਬਾਨਾਂ ਦੁਆਰਾ ਉੱਚੇ ਆਦਰਸ਼ਾਂ ਤੇ ਅਸੂਲਾਂ ਨੂੰ ਦ੍ਰਿੜ ਕਰਵਾਂਦੇ ਕਈ ਨਵੇਂ ਪੂਰਨੇ ਵੀ ਪਾਏ ਹਨ। ਉਮਰ ਭਾਵੇਂ ਛੋਟੀ ਸੀ ਪਰ ਅਕਾਲ ਪੁਰਖ ਦੇ ਨਾਮ ਦਾ ਐਸਾ ਆਤਮਿਕ ਰੰਗ ਚੜਿਆ ਸੀ ਕਿ ਦਰਸ਼ਨ ਕਰਨ ਵਾਲਿਆਂ ਨੂੰ ਵੀ ਆਤਮਿਕ ਹੁਲਾਰੇ ਵਿਚ ਲੈ ਆਉਂਦੇ। ਸੇਵਾ ਇਤਨੇ ਪਿਆਰ ਤੇ ਸ਼ਿਦਤ ਨਾਲ ਕਰਦੇ ਕਿ ਲੋਕਾਂ ਦੇ ਮਾਨਸਿਕ ਤੇ ਸਰੀਰਕ ਦੋਨੋ ਦੁਖ ਦਰਦ ਦੂਰ ਹੋ ਜਾਂਦੇ। ਬੋਲ ਐਨੇ ਮਿੱਠੇ ਤੇ ਅਵਾਜ਼ ਵਿਚ ਓਹ ਜਾਦੂ ਸੀ ਕੀ ਬੜੇ ਬੜੇ ਨਿਰਦੇਈ ਤੇ ਜਾਲਮ ਵੀ ਸ਼ਾਂਤ ਹੋ ਜਾਂਦੇ।
ਕੀਰਤਪੁਰ ਸਾਹਿਬ ਵਿਖੇ ਆਪ ਪਹਿਲਾਂ ਗੁਰੂਆਂ ਵਾਂਗ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ਼ ਦਿੰਦੇ। ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਇਸ ਪਰ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ। ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਦੀਵਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜੇਬ ਵਰਗੇ ਬਾਦਸਾਹ ਦਾ ਮੂੰਹ ਨਹੀਂ ਵੇਖਣਗੇ। ਅੰਤ ਵਿਚ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ।