ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਹਲਕਾ ਲਹਿਰਾ ਵਿਖੇ ਬਾਰਸ਼ ਨਾਲ ਹੋਈਆਂ ਫਸਲਾਂ ਦਾ ਨੁਕਸਾਨ ਅਤੇ ਡਿੱਗੇ ਘਰਾਂ ਦੇ ਨੁਕਸਾਨ ਸਬੰਧੀ ਜਾਇਜ਼ਾ ਲਿਆ ਅਤੇ ਕਾਫੀ ਮੁਸ਼ਕਲਾਂ ਦਾ ਹੱਲ ਮੌਕੇ ਤੇ ਹੀ ਕਰਵਾਇਆ।
ਰਾਹੁਲ ਸਿੱਧੂ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ, ਕਿ ਪਹਿਲਾਂ ਘੱਗਰ ਦੀ ਹੀ ਮਾਰ ਇਸ ਹਲਕੇ ਵਿੱਚ ਹੋਇਆ ਕਰਦੀ ਸੀ, ਪਰੰਤੂ ਪਹਿਲੀ ਵਾਰ ਬਾਰਸ਼ਾਂ ਕਾਰਨ ਖੇਤਾਂ ਵਿੱਚ ਫਸਲਾਂ ਅਤੇ ਪਿੰਡਾਂ ਵਿੱਚ ਘਰ ਤਬਾਹ ਹੋਏ ਹਨ। ਜਿਸਦਾ ਭੱਠਲ ਪਰਿਵਾਰ ਨੂੰ ਦੁੱਖ ਹੈ, ਕਿਉਂਕਿ ਸਾਡਾ ਇਸ ਹਲਕੇ ਨਾਲ ਪਰਿਵਾਰਕ ਰਿਸ਼ਤਾ ਹੈ। ਜਿਸ ਕਾਰਨ ਅੱਜ ਮੈਂ ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨਾਲ ਲੈ ਕੇ ਆਇਆ ਹਾਂ। ਅੱਜ ਅਸੀਂ ਖਾਲੀ ਥੱਲੇ ਮੌਕੇ ਤੇ ਹੀ ਮੁਹੱਈਆ ਕਰਵਾਏ, ਪਾਇਪ ਪੁਆ ਕੇ ਮੌਕੇ ਤੇ ਹੀ ਪਾਣੀ ਦੀ ਨਿਕਾਸੀ ਸ਼ੁਰੂ ਕਰਵਾਈ ਅਤੇ ਪਾਣੀ ਵਾਲੇ ਚਾਰ ਪੰਪ ਵੀ ਚਾਲੂ ਕੀਤੇ। ਉਨ੍ਹਾਂ ਕਿਹਾ ਕਿ ਬੀਬੀ ਭੱਠਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਫੋਨ ਤੇ ਇਸ ਸਬੰਧੀ ਗੱਲਬਾਤ ਕੀਤੀ ਹੈ,ਤਾਂ ਜੋ ਹਲਕੇ ਦੇ ਖੇਤਾਂ ਦੀ ਗਿਰਦਾਵਰੀ ਕਰਵਾ ਕੇ ਭਰਵਾਂ ਮੁਆਵਜ਼ਾ ਦਿਵਾਇਆ ਜਾਵੇ ਅਤੇ ਘਰਾਂ ਲਈ ਅਲੱਗ ਤੋਂ ਪੈਕੇਜ ਦਿੱਤਾ ਜਾਵੇ।
ਇਸ ਮੌਕੇ ਤਹਿਸੀਲਦਾਰ ਲਹਿਰਾ- ਮੂਨਕ ਸੁਰਿੰਦਰ ਸਿੰਘ ਨੇ ਕਿਹਾ, ਕਿ ਰਾਹੁਲ ਸਿੰਧੂ ਅੱਜ ਮੌਕੇ ਤੇ ਨੁਕਸਾਨ ਸਬੰਧੀ ਜਾਇਜ਼ਾ ਲੈ ਰਹੇ ਹਨ, ਉੱਪਰੋਂ ਹੁਕਮ ਆਉਣ ਤੇ ਅਸੀਂ ਤੁਰੰਤ ਰਿਪੋਰਟ ਬਣਾ ਕੇ ਡੀਸੀ ਸੰਗਰੂਰ ਨੂੰ ਭੇਜ ਦੇਵਾਂਗੇ। ਤਾਂ ਜੋ ਜਲਦੀ ਮੁਆਵਜ਼ਾ ਮਿਲਣ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ। ਇਸ ਸਮੇਂ ਸਤਿਗੁਰ ਸਿੰਘ, ਮਨਜੀਤ ਸਿੰਘ, ਧਨਪਤਿ ਦੇਵੀ, ਸਰਪੰਚ ਮੇਲਾ ਸਿੰਘ ਬੱਲਰਾਂ,ਸਰਪੰਚ ਜਸਵਿੰਦਰ ਸਿੰਘ ਰਿੰਪੀ ਲੇਹਲ ਕਲਾਂ, ਬਲਜੀਤ ਸਿੰਘ ਸਰਾਓ ਗੁਰੂ ਤੇਗ ਬਹਾਦਰ ਨਗਰ ਲੇਹਲ ਕਲਾਂ ਨੇ ਕਿਹਾ ,ਕਿ ਪਹਿਲਾਂ ਤਾਂ ਲੀਡਰ ਸਿਰਫ਼ ਚੱਕਰ ਮਾਰ ਕੇ ਹੀ ਮੁੜ ਜਾਂਦੇ ਰਹੇ ।ਰਾਹੁਲ ਇੰਦਰ ਸਿੱਧੂ ਦੇ ਆਉਣ ਨਾਲ ਸਾਡਾ ਵਿਸ਼ਵਾਸ ਬੱਝਿਆ ਹੈ ਕਿਉਂਕਿ ਇਨ੍ਹਾਂ ਨੇ ਕਾਫ਼ੀ ਮੁਸ਼ਕਲਾਂ ਮੌਕੇ ਤੇ ਹੀ ਹੱਲ ਕਰਵਾਈਆਂ ਤੇ ਬਾਕੀ ਮੁਸ਼ਕਲਾਂ ਲਈ ਤੁਰੰਤ ਮੌਕੇ ਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ।