ਟੋਕੀਓ ਓਲੰਪਿਕ ਖੇਡਾਂ ਦੇ 12ਵੇਂ ਦਿਨ ਬੁੱਧਵਾਰ ਯਾਨੀ ਕਿ ਅੱਜ ਭਾਰਤ ਦੀਆਂ ਗੋਲਡ ਮੈਡਲ ਦੀਆਂ ਉਮੀਦਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਦੇ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਗਈ। ਲਵਲੀਨਾ ਨੂੰ ਆਪਣੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਬੁਸੇਨਾਜ਼ ਸੁਰਮੇਨੇਲੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਹਾਰ ਤੋਂ ਬਾਅਦ ਲਵਲੀਨਾ ਸਿਲਵਰ ਮੈਡਲ ਦੇ ਮੈਚ ਵਿੱਚ ਪਹੁੰਚਣ ਤੋਂ ਖੁੰਝ ਗਈ ਅਤੇ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ। ਬੁਸੇਨਾਜ ਪੂਰੇ ਮੈਚ ਦੌਰਾਨ ਲਵਲੀਨਾ ‘ਤੇ ਹਾਵੀ ਰਹੀ ਅਤੇ ਉਨ੍ਹਾਂ ਨੇ ਭਾਰਤੀ ਮੁੱਕੇਬਾਜ਼ ਨੂੰ 5-0 ਨਾਲ ਹਰਾ ਦਿੱਤੀ । ਹਾਰ ਤੋਂ ਬਾਅਦ ਵੀ ਪੂਰਾ ਦੇਸ਼ ਲਵਲੀਨਾ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਵਲੀਨਾ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਹੈ । ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਲਵਲੀਨਾ ਦੀ ਸਫਲਤਾ ਭਾਰਤੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ।
ਦਰਅਸਲ, ਇਸ ਸਬੰਧੀ ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ,”ਖੂਬ ਲੜੀ ਲਵਲੀਨਾ ਬੋਰਗੋਹੇਨ। ਬਾਕਸਿੰਗ ਰਿੰਗ ਵਿੱਚ ਤੁਹਾਡੀ ਸਫ਼ਲਤਾ ਕਈ ਭਾਰਤੀਆਂ ਨੂੰ ਪ੍ਰੇਰਿਤ ਕਰਦੀ ਹੈ। ਤੁਹਾਡੀ ਦ੍ਰਿੜਤਾ ਸਰਾਹਣਯੋਗ ਹੈ। ਕਾਂਸੀ ਦਾ ਤਗਮਾ ਜਿੱਤਣ ‘ਤੇ ਤੁਹਾਨੂੰ ਵਧਾਈ। ਭਵਿੱਖ ਲਈ ਤੁਹਾਨੂੰ ਸ਼ੁੱਭਕਾਮਨਾਵਾਂ। ਟੋਕੀਓ 2020।’
ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਲਵਲੀਨਾ ਬੋਰਗੋਹੇਨ ਨੂੰ ਵਧਾਈ ! ਤੁਸੀਂ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਦੇਸ਼ ਦਾ ਮਾਣ ਵਧਾਇਆ ਹੈ । ਓਲੰਪਿਕ ਖੇਡਾਂ ਵਿੱਚ ਮੁੱਕੇਬਾਜ਼ੀ ਵਿੱਚ ਤੁਹਾਡਾ ਕਾਂਸੀ ਦਾ ਤਗਮਾ ਨੌਜਵਾਨਾਂ, ਖਾਸ ਕਰਕੇ ਮਹਿਲਾਵਾਂ ਨੂੰ ਚੁਣੌਤੀਆਂ ਨਾਲ ਲੜਨ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਪ੍ਰੇਰਿਤ ਕਰੇਗਾ।’
ਦੱਸ ਦੇਈਏ ਕਿ ਸੈਮੀਫਾਈਨਲ ਵਿੱਚ ਹਾਰਨ ਦੇ ਬਾਵਜੂਦ ਵੀ ਲਵਲੀਨਾ ਨੇ ਇਤਿਹਾਸ ਰਚਿਆ ਹੈ। ਲਵਲੀਨਾ ਭਾਰਤ ਦੀ ਪਹਿਲੀ ਮਹਿਲਾ ਮੁੱਕੇਬਾਜ਼ ਹੈ ਜਿਸਨੇ 69 ਕਿਲੋਗ੍ਰਾਮ ਵਰਗ ਵਿੱਚ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਲਵਲੀਨਾ ਤੋਂ ਇਲਾਵਾ ਭਾਰਤ ਦੇ ਸਿਰਫ ਦੋ ਖਿਡਾਰੀਆਂ ਨੇ ਹੀ ਤਗਮੇ ਜਿੱਤੇ ਹਨ। ਲਵਲੀਨਾ ਤੋਂ ਪਹਿਲਾਂ ਵਿਜੇਂਦਰ ਸਿੰਘ ਅਤੇ ਐਮਸੀ ਮੈਰੀਕਾਮ ਓਲੰਪਿਕ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ।
ਇਹ ਵੀ ਦੇਖੋ: Big Breaking : ਅੰਮ੍ਰਿਤਸਰ ਹਸਪਤਾਲ ਚ ਚੱਲੀਆਂ ਗੋਲੀਆਂ, ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਤਾਰ