ਗੁਰਦਾਸਪੁਰ : ਪਨਬੱਸ ਅਤੇ ਪੀ ਆਰ ਟੀ ਸੀ ਕਰਮਚਾਰੀਆਂ ਵਲੋਂ ਬੁੱਧਵਾਰ ਨੂੰ ਦੂਜੇ ਦਿਨ ਵੀ ਹੜਤਾਲ ਕਰਕੇ ਚਾਰ ਘੰਟੇ ਬੱਸਾਂ ਬੰਦ ਰੱਖੀਆਂ ਅਤੇ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ 9-10-11 ਅਗਸਤ ਦੀ ਹੜਤਾਲ ਦਾ ਐਲਾਨ ਵੀ ਕੀਤਾ ਗਿਆ। ਗੁਰਦਾਸਪੁਰ ਦੇ ਬਟਾਲਾ ਵਿਚ ਪਨ ਬੱਸ ਕਰਮਚਾਰੀਆਂ ਨੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਪੰਜਾਬ ਰੋਡਵੇਜ਼ ਡੀਪੂ ਬਟਾਲਾ ਵਿਚ ਸਰਕਾਰ ਦੇ ਖਿਲਾਫ ਧਰਨਾ ਦਿੱਤਾ।ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਨੇਂ ਸਮੂੰਹ ਕੱਚੇ ਮੁਲਾਜ਼ਮਾਂ ਨੂੰ ਪਹਿਲੀ ਵਾਰ ਕੈਬਨਿਟ ਵਿੱਚ ਪੱਕਾ ਕਰਨ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਪਰ ਅੱਜ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਅਦ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਥਾਂ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ।
ਉਹਨਾਂ ਬਠਿੰਡੇ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਸ਼ਾਂਤ ਰੋਸ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ਤੇ ਲਾਠੀਚਾਰਜ ਕਰਕੇ ਇਹ ਸਾਬਿਤ ਕੀਤਾ ਹੈ ਕਿ ਸਰਕਾਰ ਸਾਰੇ ਵਾਧਿਆਂ ਤੋਂ ਭੱਜੀ ਹੈ। ਪੰਜਾਬ ਦੇ ਲੋਕਾਂ ਦਾ ਮਜੂਦਾ ਸਰਕਾਰ ਕੋਲ ਕੋਈ ਹੱਲ ਨਹੀਂ ਹੈ ਅਤੇ ਸਰਕਾਰ ਸਾਰੇ ਪਾਸਿਓਂ ਫੇਲ ਹੋ ਚੁੱਕੀ ਹੈ । ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਜਲਦ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਠੇਕਾ ਪ੍ਰਣਾਲੀ ਖ਼ਤਮ ਕਰਨਾ, ਕੱਚੇ ਡਰਾਈਵਰ ਕੰਡਕਟਰਾਂ ਨੂੰ ਪੱਕਿਆਂ ਕਰਨਾ, ਤਨਖਾਹਾਂ ਵਿੱਚ ਵਾਧਾ, ਨਵੀਆਂ ਬੱਸਾਂ ਸ਼ਾਮਿਲ ਕਰਨੀਆਂ,ਪੈਨਸ਼ਨ ਬਹਾਲ ਕਰਨੀਆਂ ਹਨ।