ਪੂਰਨ ਗੁਰਸਿੱਖ ਬਾਬਾ ਬੁੱਢਾ ਜੀ ਦਾ ਜਨਮ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ। ਕੁਝ ਚਿਰ ਮਗਰੋਂ ਉਹਨਾਂ ਦੇ ਮਾਪੇ ਪਿੰਡ ਰਮਦਾਸ ਆ ਵੱਸੇ। ਉਹ ਬਾਅਦ ਵਿੱਚ ਮੱਝਾਂ ਦੇ ਵਾਗੀ ਬਣੇ। ਜਦ ਉਹ 12 ਵਰ੍ਹਿਆਂ ਦੇ ਸਨ, ਤਦ ਗੁਰੂ ਨਾਨਕ ਦੇਵ ਜੀ ਰਮਦਾਸ ਪਿੰਡ ਦੇ ਪਾਸ ਆ ਟਿਕੇ। ਬੂੜਾ ਜੀ ਮੱਝਾਂ ਚਾਰਦੇ ਉੱਥੇ ਆ ਗਏ ਅਤੇ ਉਹਨਾਂ ਗੁਰੂ ਜੀ ਦਾ ਉਪਦੇਸ਼ ਸੁਣਿਆ। ਬਾਅਦ ਵਿੱਚ ਉਹ ਰੋਜ਼ ਗੁਰੂ ਜੀ ਕੋਲ ਆਉਂਦੇ ਅਤੇ ਉਹਨਾਂ ਦਾ ਉਪਦੇਸ਼ ਸੁਣਦੇ ਅਤੇ ਉਹਨਾਂ ਵਾਸਤੇ ਦੁੱਧ ਲਿਆ ਕੇ ਭੇਟ ਕਰਦੇ। ਇੱਕ ਦਿਨ ਗੁਰੂ ਜੀ ਨੇ ਬੂੜਾ ਜੀ ਨੂੰ ਉਹਨਾਂ ਬਾਰੇ ਪੁੱਛਿਆ ਅਤੇ ਗੁਰੂ ਜੀ ਨੇ ਬੂੜਾ ਜੀ ਦੇ ਜਬਾਬ ਸੁਣ ਕੇ ਕਿਹਾ ਕਿ ‘ਤੂੰ ਹੈਂ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਤੂੰ ਬੱਚਾ ਨਹੀਂ, ਤੂੰ ਬੁੱਢਾ ਹੈਂ।’ ਉਸ ਦਿਨ ਤੋਂ ਬੂੜਾ ਜੀ ਦਾ ਨਾਂ ‘ਬੁੱਢਾ ਜੀ’ ਪੈ ਗਿਆ। ਸਿੱਖ ਉਹਨਾਂ ਨੂੰ ਪਿਆਰ ਨਾਲ ਬਾਬਾ ਬੁੱਢਾ ਜੀ ਆਖਦੇ ਹਨ।
ਬਾਬਾ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਸ਼ੀਸ਼ ਬਣ ਗਏ। ਉਹ ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀ-ਬਾੜੀ ਦਾ ਕੰਮ ਵੀ ਨਿਭਾਉਂਦੇ ਅਤੇ ਨਾਮ ਜਪਦੇ ਰਹਿੰਦੇ। ਉਹਨਾਂ ਨੇ ਆਪਣਾ ਜੀਵਨ ਸੰਗਤਾਂ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ ‘ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ’ ਦੇ ਉਪਦੇਸ਼ ਨੂੰ ਕਮਾ ਕੇ ਦਿਖਾਇਆ। ਗੁਰੂ ਨਾਨਕ ਦੇਵ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਸਨ, ਅਤੇ ਜਦੋਂ ਗੁਰੂ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ, ਤਾਂ ਗੁਰੂ ਜੀ ਨੇ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ। ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਕਰਦੇ ਰਹੇ।
ਇਹ ਵੀ ਪੜ੍ਹੋ : ਉਜਲ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ।। ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ।।
ਬਾਬਾ ਬੁੱਢਾ ਜੀ ਦੀ ਉਮਰ ਅਜੇ 12 ਕੁ ਸਾਲ ਦੀ ਹੀ ਸੀ ਜਦੋਂ ਉਹਨਾਂ ਕੱਥੂਨੰਗਲ ਵਿਖੇ ਪੁੱਜੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਇਸ ਉੱਪਰੰਤ ਉਹ ਗੁਰੂ ਨਾਨਕ ਦੇ ਹੀ ਹੋ ਕੇ ਰਹਿ ਗਏ। ਜਦੋਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਿਤੌੜ ਦਾ ਕਿਲ੍ਹਾ ਫਤਹਿ ਕਰਨ ਉੱਪਰੰਤ ਪ੍ਰਗਣਾ ਝਬਾਲ (12 ਪਿੰਡ) ਗੁਰੂ ਘਰ ਨੂੰ ਭੇਟ ਕੀਤੇ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ ਬੀੜ ਵਿਖੇ ਡੇਰਾ ਲਾਉਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਨੇ ਝਬਾਲ-ਢੰਡ-ਕਸੇਲ ਦੇ ਮੱਧ ਜਿਹੇ ਇੱਕ ਵਿਰਾਨ ਜਿਹੇ ਅਸਥਾਨ ’ਤੇ ਡੇਰਾ ਲਾ ਲਿਆ। ਇਸ ਜੰਗਲ ਜਿਹੇ ਅਸਥਾਨ ’ਤੇ ਅੱਜ ਮੰਗਲ ਬਣਿਆ ਹੋਇਆ ਹੈ। ਇਹ ਉਹ ਅਸਥਾਨ ਹੈ, ਜਿੱਥੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਪੁੱਤਨੀ ਬੀਬੀ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਪੁੱਤਰ ਹੋਣ ਦੀ ਦਾਤ ਬਖਸ਼ੀ ਸੀ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਉੱਪਰੰਤ ਪਹਿਲੇ ਗ੍ਰੰਥੀ ਥਾਪਿਆ ਸੀ।