ਰਾਏਕੋਟ ਸ਼ਹਿਰ ਵਿੱਚ ਸੜਕਾਂ ਗਲੀਆਂ ਮੁਹੱਲਿਆਂ ਚੌਕਾਂ ਵਿੱਚ ਘੁੰਮਦੇ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਸਮੱਸਿਆ ਤੋਂ ਸ਼ਹਿਰ ਵਾਸੀ ਡਾਹਢੇ ਪ੍ਰੇਸ਼ਾਨ ਹਨ, ਜਦਕਿ ਰਾਏਕੋਟ ਪ੍ਰਸ਼ਾਸਨ ਅਤੇ ਨਗਰ ਕੌਂਸਲ ਇਨ੍ਹਾਂ ਸਮੱਸਿਆਵਾਂ ਦਾ ਢੁੱਕਵੇਂ ਹੱਲ ਕਰਨ ਦੀ ਬਜਾਏ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਸਗੋਂ ਇਹ ਇਨ੍ਹਾਂ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ, ਬਲਕਿ ਪੰਜ ਅਗਸਤ ਨੂੰ ਰਾਏਕੋਟ ਦੇ ਬੱਸ ਸਟੈਂਡ ‘ਤੇ ਆਵਾਰਾ ਸਾਨ੍ਹਾਂ ਦੀ ਲੜਾਈ ਦੀ ਲਪੇਟ ‘ਚ ਆ ਜਾਣ ਕਾਰਨ ਇਕ ਦੁਕਾਨਦਾਰ ਦੀ ਮੌਤ ਹੋ ਜਾਣ ਦੀ ਦੁੱਖਦਾਈ ਘਟਨਾ ਵਾਪਰੀ, ਉੱਥੇ ਹੀ ਇਨ੍ਹਾਂ ਸਮੱਸਿਆਵਾਂ ਪ੍ਰਤੀ ਨਗਰ ਕੌਂਸਲ ਰਾਏਕੋਟ ਦੀਆਂ ਅੱਖਾਂ ਖੋਲ੍ਹਣ ਲਈ ਬਹੁਜਨ ਸਮਾਜ ਪਾਰਟੀ ਰਾਏਕੋਟ ਸ਼ਹਿਰੀ ਦੇ ਪ੍ਰਧਾਨ ਸੁਰਿੰਦਰ ਸਿੰਘ ਪੱਪੀ ਸਪਰਾ ਵੱਲੋਂ ਆਪਣੇ ਸਾਥੀਆਂ ਸਮੇਤ ਅਣਮਿੱਥੇ ਸਮੇਂ ਲਈ ਇਕ ਰੋਸ ਧਰਨਾ ਸ਼ੁਰੂ ਕੀਤਾ ਗਿਆ ਹੈ।
ਇਸ ਦੌਰਾਨ ਰਾਏਕੋਟ ਸ਼ਹਿਰ ਦੇ ਮੇਨ ਸੜਕਾਂ ਜਿਵੇਂ ਕਿ ਰਾਏਕੋਟ- ਮਾਲੇਰਕੋਟਲਾ ਰੋਡ, ਰਾਏਕੋਟ-ਲੁਧਿਆਣਾ-ਬਰਨਾਲਾ ਰੋਡ ‘ਤੇ ਨਗਰ ਕੌਂਸਲ ਵੱਲੋਂ ਲਗਾਏ ਕੂੜੇ ਦੇ ਡੰਪ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਖੁੱਲ੍ਹੀ ਦਾਅਵਤ ਦਿੰਦੇ ਹਨ। ਜਿਸ ਕਾਰਨ ਇਹ ਆਵਾਰਾ ਪਸ਼ੂ ਇਨ੍ਹਾਂ ਮੇਨ ਭਾਰੀ ਆਵਾਜਾਈ ਵਾਲੀਆਂ ਸੜਕਾਂ ਉੱਪਰ ਝੁੰਡ ਬਣਾ ਕੇ ਖੜ੍ਹੇ ਹੀ ਨਹੀਂ ਰਹਿੰਦੇ ਸਗੋਂ ਆਪਸ ਵਿੱਚ ਜ਼ੋਰ ਅਜ਼ਮਾਈ ਕਰਦੇ ਹੋਏ ਭਿਡ਼ਦੇ ਵੀ ਨਜ਼ਰ ਆਉਂਦੇ ਹਨ, ਜੋ ਹਰ ਸਮੇਂ ਆਪਸ ਵਿਚ ਲੜਦੇ ਰਹਿੰਦੇ ਹਨ। ਜਿਸ ਕਾਰਨ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਬਲਕਿ ਕਈ ਵਿਅਕਤੀਆਂ ਨੂੰ ਅਜਾਈਂ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ਮੌਕੇ ਮਲੇਰਕੋਟਲਾ ਰੋਡ ‘ਤੇ ਸਥਿਤ ਦੁਕਾਨਦਾਰਾਂ ਅਤੇ ਬਸਪਾ ਆਗੂ ਸੁਰਿੰਦਰ ਸਿੰਘ ਪੱਪੀ ਸਪਰਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਰਾਏਕੋਟ ਸ਼ਹਿਰ ਵਿੱਚ ਤਿੰਨ ਗਊਸ਼ਾਲਾਵਾਂ ਦੇ ਹੋਣ ਦੇ ਬਾਵਜੂਦ ਵੀ ਇਨ੍ਹਾਂ ਆਵਾਰਾ ਪਸ਼ੂਆਂ ਦੀ ਭਾਰੀ ਦੁਰਦਸ਼ਾ ਹੋ ਰਹੀ ਹੈ, ਉੱਥੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦ ਕਿ ਸਰਕਾਰ ਵੱਲੋਂ ਗਊ ਸੈੱਸ ਦੇ ਨਾਂ ਤੇ ਲੋਕਾਂ ਦੀਆਂ ਜੇਬਾਂ ਉੱਪਰ ਮੋਟਾ ਡਾਕਾ ਮਾਰਿਆ ਜਾ ਰਿਹਾ ਹੈ ਪਰੰਤੂ ਇਹਦਾ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੋਈ ਵੀ ਢੁੱਕਵੇਂ ਅਤੇ ਸਥਾਈ ਪ੍ਰਬੰਧ ਨਹੀਂ ਕੀਤੇ ਜਾ ਰਹੇ। ਇਸੇ ਤਰ੍ਹਾਂ ਅਵਾਰਾ ਕੁੱਤਿਆਂ ਦਾ ਕਹਿਰ ਵੀ ਲੋਕਾਂ ‘ਤੇ ਰੋਜ਼ਾਨਾ ਆਮ ਵਾਂਗ ਦੇਖਣ ਨੂੰ ਮਿਲ ਰਿਹਾ ਹੈ, ਜਦਕਿ ਇਨ੍ਹਾਂ ਕੁੱਤਿਆਂ ਵੱਲੋਂ ਹਰ ਰੋਜ਼ ਕਿਸੇ ਨਾ ਕਿਸੇ ਵਿਅਕਤੀ ਬਜ਼ੁਰਗ ਬੱਚੇ ਔਰਤ ਨੂੰ ਕੱਟਣ ਦੇ ਮਾਮਲੇ ਆਮ ਹੀ ਸਾਹਮਣੇ ਆਉਂਦੇ ਹਨ, ਸਗੋਂ ਕੁਝ ਸਮਾਂ ਪਹਿਲਾਂ ਪਿੰਡ ਬਿੰਜਲ ਤੇ ਪਿੰਡ ਸੀਲੋਆਣੀ ਆਦਿ ਪਿੰਡਾਂ ਵਿੱਚ ਕਈ ਬੱਚਿਆਂ ਨੂੰ ਹੱਡਾ ਰੋੜੀ ਦੇ ਅਵਾਰਾ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਨੋਚ ਨੋਚ ਕੇ ਖਾਣ ਦੀਆਂ ਘਟਨਾਵਾਂ ਵਾਪਰੀਆਂ ਸਨ। ਇਸ ਮੌਕੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਅਤੇ ਕੁੱਤਿਆਂ ਦੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਲਦ ਛੁਟਕਾਰਾ ਦਿਵਾਇਆ ਜਾਵੇ।