ਦਾਜ ਦਹੇਜ਼ ਲਈ ਤੰਗ ਪ੍ਰੇਸ਼ਾਨ ਕਰਨ ’ਤੇ ਇਕ ਵਿਆਹੁਤਾ ਵਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਫਤਿਹਗੜ ਸਾਹਿਬ ਪੁਲਸ ਨੇ ਮਿ੍ਰਤਕਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ’ਤੇ ਉਸਦੇ ਪਤੀ ਅਤੇ ਉਸਦੀ ਨਨਾਣ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।
ਮ੍ਰਿਤਕਾ ਦੇ ਪਿਤਾ ਗੁਰਮੀਤ ਸਿੰਘ ਵਾਸੀ ਦੁਲਵਾ ਖਮਾਣੋਂ ਨੇ ਦੱਸਿਆ ਕਿ ਉਸਦੀ ਲੜਕੀ ਮਨਦੀਪ ਕੌਰ ਦਾ ਵਿਆਹ 25 ਮਾਰਚ 2016 ਨੂੰ ਸੁਨੀਲ ਕੁਮਾਰ ਵਾਸੀ ਬ੍ਰਾਹਮਣ ਮਾਜਰਾ ਸਰਹਿੰਦ ਮੰਡੀ ਨਾਲ ਹੋਇਆ ਸੀ। ਉਨਾਂ ਦੱਸਿਆ ਕਿ ਵਿਆਹ ਵਿਚ ਉਸਨੇ ਆਪਣੀ ਹੈਸੀਅਤ ਨਾਲੋਂ ਵੱਧ ਦਾਜ ਦਹੇਜ ਦਾ ਸਮਾਨ ਦਿੱਤਾ ਸੀ ਤੇ ਉਹ ਸਰਕਾਰੀ ਸਕੂਲ ਵਿਚ ਚੌਕੀਦਾਰ ਦੀ ਪੋਸਟ ਤੋਂ ਰਿਟਾਇਰ ਹੈ। ਉਸਨੇ ਦੱਸਿਆ ਕਿ ਮਨਦੀਪ ਕੌਰ ਦਾ ਇਕ 4 ਸਾਲਾਂ ਦਾ ਬੇਟਾ ਵੀ ਹੈ। ਉਸਨੇ ਦੱਸਿਆ ਕਿ ਮਨਦੀਪ ਕੌਰ ਦੀ ਨਨਾਣ ਮੀਨੂੰ ਜਿਸਦਾ ਤਲਾਕ ਹੋ ਚੁੱਕਾ ਉਹ ਆਪਣੇ ਭਰਾ ਸੁਨੀਲ ਕੁਮਾਰ ਕੋਲ ਰਹਿ ਰਹੀ ਹੈ ਜੋ ਕਿ ਵਿਦੇਸ਼ ਜਾਣਾ ਚਾਹੁੰਦੀ ਹੈ। ਇਸ ਲਈ ਉਸਦੀ ਲੜਕੀ ਦਾ ਪਤੀ ਅਤੇ ਉਸਦੀ ਨਨਾਣ ਉਸ ਤੋਂ ਕਥਿਤ ਤੌਰ ’ਤੇ ਗਹਿਣਿਆਂ ਦੀ ਮੰਗ ਕਰਦੇ ਸਨ ਅਤੇ ਕਥਿਤ ਤੌਰ ’ਤੇ 5 ਲੱਖ ਰੁਪਏ ਦੀ ਵੀ ਮੰਗ ਕਰਦੇ ਸਨ ਤਾਂ ਜੋ ਉਸਦੀ ਨਨਾਣ ਵਿਦੇਸ਼ ਜਾ ਸਕੇ। ਉਨਾਂ ਦੱਸਿਆ ਕਿ ਉਨਾਂ ਕੋਲ ਪੈਸੇ ਨਾ ਹੋਣ ਕਾਰਨ ਉਨਾਂ ਨੇ ਜਵਾਬ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਸਦੀ ਲੜਕੀ ਨੂੰ ਦਾਜ਼ ਦਹੇਜ਼ ਲਿਆਉਣ ਲਈ ਹੋਰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਜਿਸ ਤੋਂ ਤੰਗ ਆ ਕੇ ਉਸਦੀ ਲੜਕੀ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਉਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ। ਥਾਣਾ ਫਤਿਹਗੜ ਸਾਹਿਬ ਦੇ ਏ.ਐੱਸ.ਆਈ. ਪਿ੍ਰਥਵੀ ਨੇ ਦੱਸਿਆ ਕਿ ਮਿ੍ਰਤਕਾ ਦੇ ਪਿਤਾ ਗੁਰਮੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮ੍ਰਿਤਕਾ ਦੇ ਪਤੀ ਅਤੇ ਉਸਦੀ ਨਨਾਣ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਉਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਜਾਰੀ ਹੈ।