ਸ਼ਨੀਵਾਰ ਨੂੰ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਚਨਾਰਥਲ ਸਰਹਿੰਦ ਮੰਡੀ ਅਤੇ ਬਸੀ ਪਠਾਣਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਤੇ ਉਦਘਾਟਨ ਕੀਤੇ। ਇਸੇ ਪ੍ਰਕਾਰ ਕਰੀਬ 01 ਕਰੋੜ 73 ਲੱਖ ਨਾਲ ਬਣਨ ਵਾਲੀ ਚਨਾਰਥਲ ਮਾਰਕਿਟ ਕਮੇਟੀ ਦੀ ਨਵੀਂ ਇਮਾਰਤ ਤੇ ਕਿਸਾਨ ਘਰ ਦਾ ਨੀਂਹ ਪੱਥਰ ਰੱਖਣ ਉਪਰੰਤ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਮੰਡੀਕਰਨ ਪ੍ਰਬੰਧ ਨੂੰ ਹੋਰ ਬਿਹਤਰ ਬਨਾਉਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਮਾਰਕਿਟ ਕਮੇਟੀਆਂ ਦੀਆਂ ਨਵੀਆਂ ਇਮਾਰਤਾਂ, ਮੰਡੀਆਂ ਦੇ ਪੱਕੇ ਫੜ੍ਹ, ਮੰਡੀਆਂ ਵਿੱਚ ਸ਼ੈਡ, ਮੰਡੀਆਂ ਦੀਆਂ ਸੜਕਾਂ ਤੇ ਹੋਰ ਸਹੂਲਤਾਂ ਸਬੰਧੀ ਵੱਡੀ ਗਿਣਤੀ ਪ੍ਰੋਜੈਕਟ ਮੁਕੰਮਲ ਕੀਤੇ ਗਏ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਧਰਨਾਕਾਰੀ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਹਲਕੇ ਦੀਆਂ ਮੰਡੀਆਂ ਉਤੇ ਕਰੀਬ 20 ਕਰੋੜ ਖਰਚ ਕਰ ਕੇ ਉਨ੍ਹਾਂ ਦੀ ਕਾਇਆ ਕਲਪ ਕੀਤੀ ਗਈ ਹੈ। ਇਸ ਤਹਿਤ ਮੰਡੀਆਂ ਜਿਵੇਂ ਕਿ ਚਨਾਰਥਲ, ਭਮਾਰਸੀ, ਬਾਗੜੀਆਂ, ਸਰਹਿੰਦ, ਪੀਰਜੈਨ, ਭਗੜਾਣਾ ਮੰਡੀ ਵਿੱਚ ਨਵੇਂ ਪੱਕੇ ਫੜ੍ਹ, ਸ਼ੈਡ, ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਸੀਵਰੇਜ ਸਬੰਧੀ ਦਿੱਕਤਾਂ ਦੂਰ ਕੀਤੀਆਂ ਗਈਆਂ ਹਨ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।ਇਸੇ ਤਹਿਤ ਹੀ ਕਰੀਬ 66 ਲੱਖ ਰੁਪਏ ਦੀ ਲਾਗਤ ਨਾਲ ਮੂਲੇਪੁਰ ਮੰਡੀ ਦੀ ਨੁਹਾਰ ਬਦਲੀ ਜਾ ਰਹੀ ਹੈ।