ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਹੁਣ ਤੇਜ਼ੀ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਐਤਵਾਰ ਸਵੇਰੇ ਕਾਬੁਲ ਤੋਂ 107 ਭਾਰਤੀਆਂ ਸਣੇ ਕੁੱਲ 168 ਯਾਤਰੀਆਂ ਨੂੰ ਲੈ ਕੇ ਚੱਲਿਆ ਏਅਰ ਫੋਰਸ ਦਾ ਜਹਾਜ਼ C-17 ਗਲੋਬਮਾਸਟਰ ਜਹਾਜ਼ ਰਾਜਧਾਨੀ ਦਿੱਲੀ ਦੇ ਨੇੜੇ ਸਥਿਤ ਹਿੰਡਨ ਏਅਰਬੇਸ ਪਹੁੰਚਿਆ ।
ਇਸ ਤੋਂ ਪਹਿਲਾਂ ਐਤਵਾਰ ਸਵੇਰੇ ਹੀ 87 ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਦਿੱਲੀ ਪਹੁੰਚੇ । ਇਨ੍ਹਾਂ ਵਿੱਚੋਂ ਇੱਕ ਜਹਾਜ਼ ਕਤਰ ਦੇ ਦੋਹਾ ਪਹੁੰਚਿਆ, ਜਦੋਂ ਕਿ ਦੂਜਾ ਤਜ਼ਾਕਿਸਤਾਨ ਦੀ ਰਾਜਧਾਨੀ ਦੁਸਾਂਬੇ ਤੋਂ ਇੱਥੇ ਪਹੁੰਚਿਆ ।
ਇਹ ਵੀ ਪੜ੍ਹੋ: ਗੰਨੇ ਦਾ ਐਸਏਪੀ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ : ਸੁਖਬੀਰ ਬਾਦਲ
ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਐਤਵਾਰ ਨੂੰ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਹਾਜ਼ ਵਿੱਚ ਨੇਪਾਲ ਦੇ ਦੋ ਨਾਗਰਿਕ ਵੀ ਮੌਜੂਦ ਹਨ । ਮੰਤਰਾਲੇ ਨੇ ਦੱਸਿਆ ਕਿ ਹੋਰ ਭਾਰਤੀਆਂ ਨੂੰ ਕੱਢਣ ਦੀ ਪ੍ਰਕਿਰਿਆ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਰਾਤ ਤੱਕ 300 ਹੋਰ ਭਾਰਤੀਆਂ ਦੀ ਵੀ ਸੁਰੱਖਿਅਤ ਵਤਨ ਵਾਪਸੀ ਹੋ ਜਾਵੇਗੀ।
ਦੱਸ ਦੇਈਏ ਕਿ ਭਾਰਤੀ ਹਵਾਈ ਫ਼ੌਜ ਪਹਿਲਾਂ ਹੀ ਆਪਣੇ ਰਾਜਦੂਤ ਸਮੇਤ 180 ਨਾਗਰਿਕਾਂ ਨੂੰ ਕੱਢ ਚੁੱਕੀ ਹੈ। ਇਸ ਸਮੇਂ ਕੁੱਲ 25 ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਕਰ ਕੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਅਫਗਾਨਿਸਤਾਨ ਤੋਂ ਆਉਣ ਵਾਲੇ ਭਾਰਤੀਆਂ ਦੀ ਸੁਰੱਖਿਅਤ ਨਿਕਾਸੀ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ ।