ਅਫ਼ਗ਼ਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਇਸੇ ਵਿਚਾਲੇ ਅਫ਼ਗ਼ਾਨਿਸਤਾਨ ਤੋਂ ਮੁੜ ਦਰਦਨਾਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ਹਵਾਈ ਅੱਡੇ ‘ਤੇ ਇੱਕ ਵਾਰ ਫਿਰ ਭਗਦੜ ਮਚ ਗਈ ਹੈ। ਜਿਸ ਵਿੱਚ ਬਹੁਤ ਸਾਰੇ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਇਸ ਸਬੰਧੀ ਬ੍ਰਿਟਿਸ਼ ਫੌਜ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਗਦੜ ਮੱਚਣ ਕਾਰਨ ਸੱਤ ਅਫਗਾਨੀ ਨਾਗਰਿਕ ਮਾਰੇ ਗਏ ਹਨ। ਫੌਜ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਚ ਕੇ ਦੇਸ਼ ਛੱਡ ਕੇ ਭੱਜਣ ਵਾਲਿਆਂ ਲਈ ਅਜੇ ਵੀ ਖਤਰਾ ਬਰਕਰਾਰ ਹੈ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ‘ਚ ਫਸੇ 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪਹੁੰਚਿਆ IAF ਦਾ C-17 ਜਹਾਜ਼
ਇਸ ਬਾਰੇ ਯੂਕੇ ਦੇ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਵਾਈ ਅੱਡੇ ‘ਤੇ ਸਥਿਤੀ ਬੇਹੱਦ ਚੁਣੌਤੀਪੂਰਨ ਬਣੀ ਹੋਈ ਹੈ, ਪਰ ਅਸੀਂ ਸਥਿਤੀ ਨੂੰ ਆਮ ਬਣਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਣ ਦੀ ਹਰ ਕੋਸ਼ਿਸ਼ ਕਰ ਰਹੇ ਹਾਂ।
ਦੱਸ ਦਈਏ ਕਿ ਬੀਤੇ ਐਤਵਾਰ ਨੂੰ ਤਾਲਿਬਾਨ ਦੇ ਕਾਬੁਲ ‘ਤੇ ਕਬਜ਼ਾ ਹੋਣ ਤੋਂ ਬਾਅਦ ਤੋਂ ਹੀ ਵੱਡੀ ਗਿਣਤੀ ਵਿੱਚ ਲੋਕ ਏਅਰਪੋਰਟ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਸਨ । ਇਹ ਮੌਤਾਂ ਅਫਗਾਨਿਸਤਾਨ ਵਿੱਚ ਕਥਿਤ ਤੌਰ ‘ਤੇ ਇਸਲਾਮਿਕ ਸਟੇਟ ਨਾਲ ਜੁੜੇ ਸਮੂਹਾਂ ਤੋਂ ਇੱਕ ਨਵੇਂ ਖਤਰੇ ਵਜੋਂ ਉਭਰੀਆਂ ਹਨ । ਉੱਥੇ ਹੀ ਏਅਰਪੋਰਟ ‘ਤੇ ਅਮਰੀਕਾ ਵੱਲੋਂ ਗਤੀਵਿਧੀਆਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਅਮਰੀਕੀ ਜਹਾਜ਼ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਦਾਗੀਆਂ ਗਈਆਂ ਮਿਜ਼ਾਈਲਾਂ ਤੋਂ ਬਚਣ ਲਈ ਉਡਾਣ ਤੋਂ ਪਹਿਲਾਂ ਫਲੇਅਰਸ ਦੀ ਵਰਤੋਂ ਕਰ ਰਹੇ ਹਨ।
ਰਿਪੋਰਟ ਅਨੁਸਾਰ ਅਧਿਕਾਰੀਆਂ ਨੇ IS ਦੇ ਖਤਰੇ ਨੂੰ ਲੈ ਕੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ, ਪਰ ਇਸ ਨੂੰ ਬਹੁਤ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਤੱਕ ਅੱਤਵਾਦੀਆਂ ਵੱਲੋਂ ਹਮਲਿਆਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਜੋ ਪਹਿਲਾਂ ਤਾਲਿਬਾਨ ਵਿਰੁੱਧ ਲੜ ਚੁੱਕੇ ਸਨ।