ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇੱਥੇ ਬਹੁਤ ਸਾਰੇ ਲੋਕ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ । ਭਾਰਤ ਸਰਕਾਰ ਵੱਲੋਂ ਵੀ ਅਫ਼ਗਾਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਇਸੇ ਵਿਚਾਲੇ ਕਾਬੁਲ ਏਅਰਪੋਰਟ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਤਿੰਨ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ‘ਤੇ ਰੱਖ ਕੇ ਲਿਆ ਰਹੇ ਹਨ। ਇਨ੍ਹਾਂ ਸਿੱਖਾਂ ਨੇ ਪਲੇਨ ਵਿਚ ਬੈਠ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਸਰਕਾਰ ਤੇ ਪੁਨੀਤ ਸਿੰਘ ਚੰਡੋਕ ਦਾ ਧੰਨਵਾਦ ਕੀਤਾ ।
ਦਰਅਸਲ, ਇਸ ਸਬੰਧੀ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦੇ ਇੱਕ ਜਹਾਜ਼ ਰਾਹੀਂ ਕੁਝ ਭਾਰਤੀ ਨਾਗਰਿਕਾਂ ਨਾਲ 46 ਅਫ਼ਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨੀ ਸਿੱਖ ਅਤੇ ਹਿੰਦੂ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਆਏ ਹਨ ।
ਉਨ੍ਹਾਂ ਕਿਹਾ,” ਮੈਂ ਭਾਰਤ ਸਰਕਾਰ ਖ਼ਾਸ ਤੌਰ ’ਤੇ ਵਿਦੇਸ਼ ਮੰਤਰਾਲਾ ਅਤੇ ਭਾਰਤੀ ਹਵਾਈ ਫ਼ੌਜ ਦੇ ਅਣਥੱਕ ਯਤਨਾਂ ਸਦਕਾ ਉੱਥੇ ਫਸੇ ਹੋਏ 46 ਅਫ਼ਗਾਨ ਹਿੰਦੂ ਅਤੇ ਸਿੱਖ ਆਪਣੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਨਾਲ ਕਾਬੁਲ ਹਵਾਈ ਅੱਡੇ ’ਤੇ ਹੋਣ ਦੀ ਪੁਸ਼ਟੀ ਕਰਦਾ ਹਾਂ।”
ਉਨ੍ਹਾਂ ਕਿਹਾ ਕਿ ਗਠਜੋੜ ਫ਼ੌਜਾਂ ਵੱਲੋਂ ਉਨ੍ਹਾਂ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਵੱਲ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਥੋਂ ਸੁਰੱਖਿਅਤ ਕੱਢਿਆ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਦੋ ਜਹਾਜ਼ਾਂ ਵਿੱਚ ਲਗਪਗ 400 ਲੋਕ ਇਕ ਦਿਨ ਵਿਚ ਅਫ਼ਗਾਨਿਸਤਾਨ ਤੋਂ ਭਾਰਤ ਲਿਆਂਦੇ ਗਏ ਹਨ । ਜਿਨ੍ਹਾਂ ਵਿੱਚ 2 ਅਫ਼ਗਾਨ ਸਿੱਖ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਸਨ।
ਇਹ ਵੀ ਦੇਖੋ: ਇਸ ਪਰਿਵਾਰ ‘ਤੇ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਇੱਕ ਬ੍ਰਹਮਣ ਜੋੜਾ ਬਣ ਗਿਆ ਅੰਮ੍ਰਿਤਧਾਰੀ ਸਿੱਖ ਜੋੜਾ