ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਬੀਤੇ ਦਿਨ ਹੋਏ ਅੱਤਵਾਦੀ ਹਮਲਿਆਂ ਵਿੱਚ ਹੁਣ ਤੱਕ 103 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਗਿਣਤੀ ਵੱਧਦੀ ਜਾ ਰਹੀ ਹੈ। ਇਸ ਵਿਚਾਲੇ ਦੱਸਿਆ ਜਾ ਰਿਹਾ ਹੈ ਕਿ ਕਾਬੁਲ ਏਅਰਪੋਰਟ ਧਮਾਕੇ ਵਿੱਚ ਤਾਲਿਬਾਨ ਦੇ 28 ਲੜਾਕਿਆਂ ਦੀ ਵੀ ਮੌਤ ਹੋ ਗਈ ਹੈ ।
ਇੱਕ ਰਿਪੋਰਟ ਵਿੱਚ ਇਸ ਦਾ ਦਾਅਵਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਤਾਲਿਬਾਨ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਲੜਾਕੇ ਕਾਬੁਲ ਹਵਾਈ ਅੱਡੇ ਦੇ ਬਾਹਰ ਤਾਇਨਾਤ ਸਨ । ਤਾਲਿਬਾਨ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਧਮਾਕਿਆਂ ਵਿੱਚ ਅਮਰੀਕਾ ਨਾਲੋਂ ਜ਼ਿਆਦਾ ਲੋਕਾਂ ਨੂੰ ਗੁਆਇਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ : ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਦਿੱਤਾ ਅਸਤੀਫਾ
ਇਸ ਸਬੰਧੀ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਕਿਹਾ ਕਿ ਵੀਰਵਾਰ ਨੂੰ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਐਬੇ ਗੇਟ ‘ਤੇ ਪਹਿਲਾ ਧਮਾਕਾ ਹੋਇਆ । ਕੁਝ ਦੇਰ ਬਾਅਦ ਏਅਰਪੋਰਟ ਦੇ ਨੇੜੇ ਬੈਰਨ ਹੋਟਲ ਦੇ ਨੇੜੇ ਇੱਕ ਹੋਰ ਧਮਾਕਾ ਹੋਇਆ।
ਇਹ ਧਮਾਕਾ ਉਸ ਜਗ੍ਹਾ ਹੋਇਆ ਜਿੱਥੇ ਬ੍ਰਿਟਿਸ਼ ਫ਼ੌਜੀ ਰੁਕੇ ਹੋਏ ਸਨ। ਹਵਾਈ ਅੱਡੇ ਦੇ ਬਾਹਰ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਸੀ । ਉਨ੍ਹਾਂ ਵਿੱਚੋਂ ਦੋ ਆਤਮਘਾਤੀ ਹਮਲਾਵਰ ਸਨ, ਜਦੋਂ ਕਿ ਤੀਜਾ ਬੰਦੂਕ ਲੈ ਕੇ ਆਇਆ ਸੀ । ਹਮਲੇ ਤੋਂ ਤੁਰੰਤ ਬਾਅਦ ਹਵਾਈ ਅੱਡੇ ਤੋਂ ਸਾਰੇ ਉਡਾਣ ਸੰਚਾਲਨ ਮੁਅੱਤਲ ਕਰ ਦਿੱਤੇ ਗਏ ਸਨ।
ਇਸ ਬਾਰੇ ਯੂਐਸ ਸੈਂਟਰਲ ਕਮਾਂਡ ਦੇ ਜਨਰਲ ਮੈਕੇਂਜੀ ਨੇ ਕਿਹਾ ਕਿ ਫਿਲਹਾਲ 5 ਹਜ਼ਾਰ ਲੋਕ ਕਾਬੁਲ ਏਅਰਪੋਰਟ ‘ਤੇ ਫਲਾਈਟ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਵਿੱਚ 1 ਹਜ਼ਾਰ ਅਮਰੀਕੀ ਸ਼ਾਮਿਲ ਹਨ। 14 ਅਗਸਤ ਤੋਂ ਹੁਣ ਤੱਕ ਅਸੀਂ ਇੱਕ ਲੱਖ ਚਾਰ ਹਜ਼ਾਰ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਇਨ੍ਹਾਂ ਵਿੱਚੋਂ 66 ਹਜ਼ਾਰ ਅਮਰੀਕਾ ਦੇ ਨਾਗਰਿਕ ਅਤੇ 37 ਹਜ਼ਾਰ ਸਾਡੇ ਸਹਿਯੋਗੀ ਦੇਸ਼ਾਂ ਦੇ ਨਾਗਰਿਕ ਹਨ।