ਪੰਜਾਬ ਵਿੱਚ ਆਉਣ ਵਾਲੀਆਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਵਾਅਦੇ ਦਾਅਵੇ ਅਤੇ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ, ਪ੍ਰੰਤੂ ਭਾਰਤ ਦੇਸ਼ ਨੂੰ ਆਜ਼ਾਦ ਹੋਇਆਂ ਨੂੰ 75 ਸਾਲ ਹੋ ਚੁੱਕੇ ਹਨ ਅਤੇ ਦੇਸ਼ ਦੇ ਲੋਕ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਜਿਸ ਦੀ ਮਿਸਾਲ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਦੇ ਮੁਹੱਲਾ ਰਾਮ ਨਗਰ ਬਸਤੀ ਵਿਚੋਂ ਮਿਲਦੀ ਹੈ, ਜਿਥੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਹੀ ਇਕ ਬੱਲਬ ਅਤੇ ਪੱਖੇ ਦਾ ਪੰਜਾਹ ਹਜ਼ਾਰ ਰੁਪਿਆ ਬਿੱਲ ਬਿਜਲੀ ਮਹਿਕਮੇ ਵੱਲੋਂ ਭੇਜੇ ਗਏ ਹਨ।
ਸੰਗਰੂਰ ਦੀ ਰਾਮਨਗਰ ਬਸਤੀ ਦੇ ਵਿੱਚ ਰਹਿੰਦੇ ਲੋਕਾਂ ਨੂੰ ਬਿਜਲੀ ਮਹਿਕਮੇ ਦੇ ਵੱਲੋਂ ਪੰਦਰਾਂ ਹਜ਼ਾਰ ਤੋਂ ਲੈ ਕੇ ਪੰਜਾਹ ਹਜ਼ਾਰ ਰੁਪਏ ਤੱਕ ਦੇ ਬਿੱਲ ਭੇਜੇ ਗਏ ਹਨ, ਜਦੋਂ ਕਿ ਲੋਕਾਂ ਦਾ ਕਹਿਣਾ ਹੈ ਕਿ ਉਹ ਸਿਰਫ ਇਕ ਬੱਲਬ ਅਤੇ ਇਕ ਪੱਖੇ ਦੇ ਨਾਲ ਹੀ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ। ਮੁਹੱਲੇ ਦੀ ਹਾਲਤ ਏਨੀ ਜ਼ਿਆਦਾ ਮਾੜੀ ਹੈ ਕਿ ਨਾ ਤਾਂ ਪੱਕੀਆਂ ਗਲੀਆਂ ਹਨ ਅਤੇ ਨਾ ਹੀ ਪੱਕੀਆਂ ਨਾਲੀਆਂ ਇਕ ਪਾਸੇ ਤਾਂ ਕੋਰੋਨਾ ਮਹਾਂਮਾਰੀ ਦੇ ਨਾਲ ਨਜਿੱਠਣ ਦੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਅਜਿਹੇ ਮੁਹੱਲਿਆਂ ਦੇ ਵਿੱਚ ਰਹਿੰਦੇ ਲੋਕ ਹੋਰ ਹੋਰ ਬਿਮਾਰੀਆਂ ਨੂੰ ਦਾਅਵਤ ਦੇ ਰਹੇ ਹਨ ਅਤੇ ਮੁਹੱਲਾ ਵਾਸੀਆਂ ਦੀ ਜ਼ਿੰਦਗੀ ਨਰਕ ਭਰੀ ਹੈ। ਇਸ ਰਾਮਨਗਰ ਬਸਤੀ ਦੇ ਮੁਹੱਲੇ ਵਾਸੀਆਂ ਨੂੰ ਕਦੇ ਵੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਨਹੀਂ ਮਿਲੀ ਪ੍ਰੰਤੂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਵੱਖ ਵੱਖ ਸਿਆਸੀ ਆਗੂ ਆਪਣੇ ਵੱਲੋਂ ਆਮ ਲੋਕਾਂ ਨੂੰ ਸਰਕਾਰਾਂ ਦੀਆਂ ਸਕੀਮਾਂ ਦੇਣ ਦੇ ਵੱਡੇ ਵੱਡੇ ਵਾਅਦੇ ਕਰਦੇ ਰਹਿੰਦੇ ਹਨ।