ਐਂਫ.ਐਫ ਰੋਡ ਪੈਂਦੇ ਪਿੰਡ ਮੋਹਰ ਸਿੰਘ ਵਾਲਾ (ਧਰਮੂ ਵਾਲਾ ) ਦੇ ਕੋਲ ਬਣੇ ਪੈਟਰੋਲ ਪੰਪ ਦੇ ਨਜ਼ਦੀਕ 2 ਮੋਟਰਸਾਈਕਲਾਂ ਦੀ ਟੱਕਰ ਵਿਚਕਾਰ 4 ਵਿਅਕਤੀਆਂ ਦੇ ਜ਼ਖ਼ਮੀ ਹੋਣ ਜਦਕਿ 1 ਵਿਅਕਤੀ ਦੀ ਮੌਕੇ ’ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ’ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਜੇਰੇ ਇਲਾਜ ਅਧੀਨ ਇੰਦਰ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਨਿਧਾਨਾ ਨੇ ਦੱਸਿਆ ਕਿ ਉਹ ਐਫ.ਸੀ.ਆਈ ’ਚ ਲੇਬਰ ਦਾ ਕੰਮ ਕਰਦੇ ਹਨ ਅਤੇ ਉਹ ਆਪਣੇ ਸਾਥੀ ਮੱਖਣ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਕੁਤਬਗੜ੍ਹ ਭਾਟਾ ਅਤੇ ਪ੍ਰੀਤਮ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਸਰੂਪੇ ਵਾਲਾ ਥਾਣਾ ਗੁਰੂਹਰਸਹਾਏ ਨਾਲ ਅੱਜ ਬੀਤੀ ਦੁਪਹਿਰ ਸਮੇਂ ਮੰਡੀ ਲਾਧੂਕਾ ਵਿਖੇ ਲੇਬਰ ਦਾ ਕੰਮ ਕਰ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਸਨ ਤਾਂ ਜਦੋਂ ਉਨ੍ਹਾਂ ਦਾ ਮੋਟਰਸਾਈਕਲ ਐਫ.ਐਫ ਰੋਸ ’ਤੇ ਸਥਿਤ ਪਿੰਡ ਮੋਹਰ ਸਿੰਘ ਵਾਲਾ (ਧਰਮੂ ਵਾਲਾ ) ਦੇ ਕੋਲ ਬਣੇ ਪੈਟਰੋਲ ਪੰਪ ਕੋਲ ਪੁੱਜਿਆਂ ਤਾਂ ਜਲਾਲਾਬਾਦ ਦੀ ਸਾਈਡ ਤੋਂ ਤੇਜ਼ ਰਫ਼ਤਾਰ ਜਾ ਰਹੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਲਾਪਰਵਾਹੀ ਦੇ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਬੇਕਾਬੂ ਹੋ ਡਿਗ ਗਿਆ ਅਤੇ ਇਸ ਘਟਨਾ ਦੌਰਾਨ ਮੋਟਰਸਾਈਕਲ ਚਾਲਕ ਮੱਖਣ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।
ਉੱਧਰ ਦੂਜੇ ਪਾਸੇ ਦੂਸਰੇ ਮੋਟਰਸਾਈਕਲ ’ਤੇ ਸਵਾਰ ਸੂਰਜ ਸਿੰਘ ਪੁੱਤਰ ਸਤਪਾਲ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਆਨ ਟਿਵਾਣਾ ਕਲਾਂ ਵੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਹਨ। ਹਾਦਸੇ ’ਚ ਜ਼ਖ਼ਮੀ ਹੋਏ ਸਾਰੇ ਵਿਅਕਤੀਆਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜਲਾਲਾਬਾਦ ਦੇ ਏ.ਐੱਸ.ਆਈ ਚੰਦਰ ਸ਼ੇਖਰ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਮ੍ਰਿਤਕ ਵਿਅਕਤੀ ਮੱਖਣ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਪੁਲਸ ਦੇ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।