ਦਿੱਲੀ ਦੀਆ ਸਰਹੱਦਾਂ ‘ਤੇ ਕੇਂਦਰ ਸਰਕਾਰ ਦੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ 9 ਮਹੀਨੇ ਤੋਂ ਵੀ ਜਿਆਦਾ ਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਹੁਣ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦੀਆ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
ਬੰਗਾਲ ਤੋਂ ਬਾਅਦ ਹੁਣ ਯੂਪੀ ਵਿੱਚ ਵੀ ਕਿਸਾਨਾਂ ਦੇ ਭਾਜਪਾ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸੇ ਕੜੀ ਦੇ ਤਹਿਤ ਹੁਣ ਭਲਕੇ ਜਾਣੀ ਕਿ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਕਿਸਾਨਾਂ ਦੀ ਇੱਕ ਮਹਾਂਪੰਚਾਇਤ ਹੋਣ ਜਾ ਰਹੀ ਹੈ।
ਇਸੇ ਵਿਚਾਲੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਮਹਾਂਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਮਹਾਂਪੰਚਾਇਤ ਲਈ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਦੱਸਣਾ ਅਸੰਭਵ ਹੈ।
ਪਰ ਮੈਂ ਵਾਅਦਾ ਕਰ ਸਕਦਾ ਹਾਂ ਕਿ ਇਸ ਵਿੱਚ ਲੋਕ ਵੱਡੀ ਗਿਣਤੀ ਵਿੱਚ ਪਹੁੰਚਣਗੇ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਹਾਂਪੰਚਾਇਤ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ। ਜੇਕਰ ਉਹ ਸਾਨੂੰ ਰੋਕਦੇ ਹਨ ਤਾਂ ਅਸੀਂ ਬੈਰੀਅਰ ਤੋੜਦੇ ਹੋਏ ਪਹੁੰਚ ਜਾਵਾਂਗੇ।
ਇਹ ਵੀ ਪੜ੍ਹੋ: ਅਫਗਾਨਿਸਤਾਨ ‘ਚ ਫਿਰ ਟਲਿਆ ਤਾਲਿਬਾਨ ਸਰਕਾਰ ਦਾ ਗਠਨ, ਹੁਣ 2 ਤੋਂ 3 ਦਿਨਾਂ ਬਾਅਦ ਕੀਤਾ ਜਾਵੇਗਾ ਐਲਾਨ
ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਮਹਾਂਪੰਚਾਇਤ ਲਈ ਜ਼ਿਆਦਾਤਰ ਲੋਕ ਪਿੰਡਾਂ ਤੋਂ ਆ ਰਹੇ ਹਨ। ਹਰਿਆਣਾ, ਮਹਾਰਾਸ਼ਟਰ ਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦੀ ਵੀ ਇਸ ਵਿੱਚ ਸ਼ਾਮਿਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਲਈ ਕੁੱਲ 5000 ਲੋਕਾਂ ਨੂੰ ਡਿਊਟੀ ਦਿੱਤੀ ਗਈ ਹੈ ਤੇ ਪਹਿਚਾਣ ਪੱਤਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਹਾਂਪੰਚਾਇਤ ਲਈ ਸਾਰੀਆਂ ਵਿਵਸਥਾਵਾਂ ਕਰ ਲਈਆਂ ਗਈਆਂ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।