ਪਾਕਿਸਤਾਨ ਨੂੰ ਪੰਜਸ਼ੀਰ ਵਿੱਚ ਤਾਲਿਬਾਨ ਦੀ ਮਦਦ ਕਰਨਾ ਭਾਰੀ ਪੈ ਰਿਹਾ ਹੈ। ਨਾਰਦਨ ਅਲਾਇੰਸ ਦੇ ਲੜਾਕਿਆਂ ਖਿਲਾਫ਼ ਪਾਕਿਸਤਾਨੀ ਹਵਾਈ ਫੌਜ ਵੱਲੋਂ ਬੀਤੇ ਦਿਨ ਕੀਤੇ ਗਏ ਹਮਲਿਆਂ ਤੋਂ ਬਾਅਦ ਅਫਗਾਨਿਸਤਾਨ ਵਿੱਚ ਉਸਦਾ ਖੁੱਲ੍ਹ ਕੇ ਵਿਰੋਧ ਹੋਣ ਲੱਗਿਆ ਹੈ।
ਦਰਅਸਲ, ਸੋਮਵਾਰ ਰਾਤ ਨੂੰ ਕਾਬੁਲ ਵਿੱਚ ਇਸ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਅਫਗਾਨੀ ਮਹਿਲਾਵਾਂ ਪਾਕਿਸਤਾਨ ਖਿਲਾਫ਼ ਸੜਕ ‘ਤੇ ਉਤਰ ਆਈਆਂ ਹਨ। ਅਫ਼ਗ਼ਾਨ ਔਰਤਾਂ ਵੱਲੋਂ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਇਹ ਵੀ ਪੜ੍ਹੋ: ਕਰਨਾਲ ਮਹਾਪੰਚਾਇਤ : ਕਿਸਾਨਾਂ ਅੱਗੇ ਝੁਕੀ ਸਰਕਾਰ, ਮੀਟਿੰਗ ਲਈ ਸੱਦੇ ਕਿਸਾਨ ਆਗੂ
ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਤੋਂ ਹੀ ਪਾਕਿਸਤਾਨ ਦਾ ਵਿਰੋਧ ਕੀਤਾ ਜਾ ਰਿਹਾ ਸੀ, ਪਰ ਇਹ ਪਹਿਲਾ ਮੌਕਾ ਹੈ ਜਦੋਂ ਕਾਬੁਲ ਵਿੱਚ ਵੀ ਇਸਦਾ ਵਿਰੋਧ ਪ੍ਰਦਰਸ਼ਨ ਦੇਖਣ ਮਿਲਿਆ ਹੈ। ਇਸ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਵੱਲੋਂ ਪਾਕਿਸਤਾਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪਾਕਿਸਤਾਨ ‘ਤੇ ਪਹਿਲਾਂ ਤੋਂ ਹੀ ਤਾਲਿਬਾਨ ਦਾ ਸਾਥ ਦੇਣ ਦੇ ਦੋਸ਼ ਲੱਗ ਰਹੇ ਹਨ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਫੌਜ ਦੇ ਅਧਿਕਾਰੀਆਂ ਨੇ ਵੀ ਤਾਲਿਬਾਨ ਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੇਂਸੀ ISI ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਪਾਕਿਸਤਾਨ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਜਾ ਰਿਹਾ ਹੈ।