ਦਿੱਲੀ-NCR ਵਿੱਚ ਸ਼ਨੀਵਾਰ ਹੋਈ ਭਾਰੀ ਬਾਰਿਸ਼ ਨਾਲ ਕਈ ਜਗ੍ਹਾ ਪਾਣੀ ਭਰ ਗਿਆ। ਰਾਜਧਾਨੀ ਵਿੱਚ ਲਗਾਤਾਰ ਹੋਈ ਬਾਰਿਸ਼ ਨਾਲ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਕੁਝ ਹਿੱਸਿਆਂ ਵਿੱਚ ਵੀ ਪਾਣੀ ਭਰਿਆ ਦੇਖਿਆ ਗਿਆ ਸੀ।
ਇਸੇ ਵਿਚਾਲੇ ਮੌਸਮ ਵਿਭਾਗ ਨੇ ਦਿੱਲੀ ਵਿੱਚ ਐਤਵਾਰ ਸਵੇਰੇ ਵੀ ਕੁਝ ਹਿੱਸਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਦਰਅਸਲ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਵਿੱਚ 17 ਸਤੰਬਰ ਤੋਂ ਦੁਬਾਰਾ ਭਾਰੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਵੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੜੀਸਾ ਦੇ ਕੁਝ ਹਿੱਸਿਆਂ, ਛੱਤੀਸਗੜ੍ਹ, ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਪੂਰਬੀ ਰਾਜਸਥਾਨ, ਗੁਜਰਾਤ ਦੇ ਨਾਲ ਹੋਰ ਕੁਝ ਸਥਾਨਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਸਤੰਬਰ ਦੇ ਮਹੀਨੇ ਵਿੱਚ ਸ਼ਨੀਵਾਰ ਸ਼ਾਮ ਤੱਕ 383.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਇਸ ਮਹੀਨੇ ਵਿੱਚ 77 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਸਬੰਧੀ IMD ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਤੰਬਰ 1944 ਵਿੱਚ ਸ਼ਹਿਰ ਵਿੱਚ 417.3 ਮਿਲੀਮੀਟਰ ਬਾਰਿਸ਼ ਹੋਈ ਸੀ, ਜੋ 1901-2021 ਦਰਮਿਆਨ ਸਭ ਤੋਂ ਵੱਧ ਸੀ।
ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਦਿੱਲੀ-NCR ਲਈ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਅਨੁਮਾਨ ਲਾਇਆ ਸੀ ਕਿ ਇਸ ਵਾਰ ਸਤੰਬਰ ਮਹੀਨੇ ਵਿੱਚ 10 ਫ਼ੀਸਦੀ ਜ਼ਿਆਦਾ ਬਾਰਿਸ਼ ਹੋ ਸਕਦੀ ਹੈ।