ਮਿਲੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਢਾਣੀ ਮੁਨਸ਼ੀ ਰਾਮ ਵਿਖੇ ਬਣਿਆ ਰੇਲ ਅੰਡਰ ਪਾਸ ਪਿਛਲੇ ਤਿੰਨ ਦਿਨਾਂ ‘ਚ ਹੋਈ ਭਾਰੀ ਬਰਸਾਤਾਂ ਦੇ ਕਾਰਨ ਪਾਣੀ ਨਾਲ ਭਰ ਚੁੱਕਾ ਹੈ। ਇਸ ਅੰਡਰਬ੍ਰਿਜ ਦੇ ਵਿਚ ਪੱਚੀ ਫੁੱਟ ਦੇ ਕਰੀਬ ਪਾਣੀ ਖੜ੍ਹਾ ਹੋ ਚੁੱਕਾ ਹੈ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਿਹਾ। ਇਸ ਅੰਡਰਬ੍ਰਿਜ ਤੋਂ ਪੰਦਰਾਂ ਤੋਂ ਵੀਹ ਪਿੰਡ ਦੇ ਲੋਕ ਰੋਜ਼ਾਨਾ ਗੁਜ਼ਰਦੇ ਹਨ।
ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਹੈ ਜੋ ਕਿ ਦਿਨ ਵਿੱਚ ਦੋ ਵਾਰ ਇੱਥੋਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲਾਈਨਾਂ ਕਰਾਸ ਕਰ ਰਹੇ ਹਨ। ਇਸ ਦੇ ਨਾਲ ਹੀ ਅੰਡਰਬ੍ਰਿਜ ਵਿੱਚ ਪੱਚੀ ਫੁੱਟ ਦੇ ਕਰੀਬ ਪਾਣੀ ਭਰੇ ਹੋਣ ਦੇ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਦੱਸ ਦਈਏ ਕਿ ਇਸ ਵਾਟਰ ਲੌਗਿੰਗ ਦੀ ਵਜ੍ਹਾ ਨਾਲ ਰੇਲ ਲਾਈਨਾਂ ਨੂੰ ਵੀ ਨੁਕਸਾਨ ਹੋਇਆ। ਜਿਸ ਨੂੰ ਕਿ ਰੇਲ ਵਿਭਾਗ ਦੇ ਵੱਲੋਂ ਦਰੁਸਤ ਕੀਤਾ ਜਾ ਰਿਹੈ ਪਰ ਅੰਡਰਬ੍ਰਿਜ ਦੇ ਵਿੱਚੋਂ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਦਿਖਾਈ ਨਹੀਂ ਦੇ ਰਿਹਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਲਦ ਤੋਂ ਜਲਦ ਇਸ ਅੰਡਰਬ੍ਰਿਜ ਦੇ ਵਿੱਚੋਂ ਪਾਣੀ ਕੱਢਿਆ ਜਾਵੇ ਨਹੀਂ ਤਾਂ ਉਹ ਮਜਬੂਰ ਹੋ ਕੇ ਇੱਥੋਂ ਲੰਘਦੀਆਂ ਰੇਲ ਰੋਕਣਗੇ। ਫਿਲਹਾਲ ਪੰਜਾਬ ਦੇ ਵਿੱਚ ਬਰਸਾਤਾਂ ਦਾ ਦੌਰ ਇੱਕ ਵਾਰੀ ਰੁਕ ਚੁੱਕਾ ਹੈ ਪਰ ਰੇਲਵੇ ਦੇ ਵੱਲੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤੇ ਜਾਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਜਲਦ ਹੀ ਝੋਨੇ ਦੀ ਕਟਾਈ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਜੇਕਰ ਉਸ ਸਮੇਂ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਤਾਂ ਕਿਸਾਨਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।