ਇਤਿਹਾਸਕ ਜਿਲ੍ਹਾ ਗੁਰਦਾਸਪੁਰ ਨਾਲੋਂ ਪਹਿਲਾਂ ਪਠਾਨਕੋਟ ਨੂੰ ਅਲੱਗ ਕਰਨਾ ਤੇ ਹੁਣ ਬਟਾਲਾ ਨੂੰ ਆਲੱਗ ਕਰਨ ਨਾਲ ਜਿਲ੍ਹਾ ਗੁਰਦਾਸਪੁਰ ਦਾ ਵਜੂਦ ਘੱਟ ਹੋ ਜਾਏਗਾ। ਬਟਾਲਾ ਦੇ ਜਿਲ੍ਹਾ ਬਣਨ ਦੇ ਐਲਾਨ ਤੋਂ ਬਾਅਦ ਗੁਰਦਾਸਪੁਰ ਅਤੇ ਦੀਨਾਨਗਰ ਦੇ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਵਿਚਾਰ ਪੰਜਾਬ ਦੀ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਅੱਜ ਪੱਤਰਕਾਰਾਂ ਨਾਲ ਆਪਣੀ ਰਿਹਾਇਸ਼ ‘ਤੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਹੇ।
ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਗੁਰਦਾਸਪੁਰ ਦੇ ਟੁਕੜੇ ਟੁਕੜੇ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਗੁਰਦਾਸਪੁਰ ਇੱਕ ਇਤਿਹਾਸਿਕ ਜਿਲ੍ਹਾ ਹੈ ਜੋ ਕਿ ਬਹੁਤ ਵੱਡਾ ਹੁੰਦਾ ਸੀ. ਪਹਿਲਾਂ ਪਠਾਨਕੋਟ ਨੂੰ ਅਲੱਗ ਜਿਲ੍ਹਾ ਬਣਾ ਦੇਣਾ ਅਤੇ ਹੁਣ ਬਟਾਲਾ ਨੂੰ ਜਿਲ੍ਹਾ ਬਣਾਉਣ ਦਾ ਫੈਸਲਾ ਕਰਨ ਨਾਲ ਗੁਰਦਾਸਪੁਰ ਜਿਲ੍ਹਾ ਬਹੁਤ ਹੀ ਛੋਟਾ ਹੋ ਜਾਏਗਾ। ਉਨਾਂ ਕਿਹਾ ਕਿ ਜਿਲ੍ਹਾ ਗੁਰਦਾਸਪੁਰ ਦੇ ਵਕੀਲ ਪਹਿਲਾਂ ਡਲਹੌਜ਼ੀ ਤੱਕ ਆਪਣੀ ਪ੍ਰੈਕਟਿਸ ਕਰਨ ਲਈ ਜਾਂਦੇ ਹੁੰਦੇ ਸਨ ਪਰ ਗੁਰਦਾਸਪੁਰ ਦੀ ਵੰਡ ਕਰਨ ਨਾਲ ਗੁਰਦਾਸਪੁਰ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਨੂੰ ਅਜੇ ਇਸ ‘ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਬਟਾਲਾ ਨੂੰ ਜਿਲ੍ਹਾ ਬਣਾਉਣ ‘ਤੇ ਫਿਲਹਾਲ ਰੋਕ ਲੱਗਣੀ ਚਾਹੀਦੀ ਹੈ।