ਦੇਸ਼ ਵਿੱਚ ਅੱਜ ਦਾ ਦਿਨ ਹਿੰਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਹਿੰਦੀ ਉਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਹੈ ਜੋ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਤੇ ਸਮਝੀ ਜਾਂਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਾਰਿਆਂ ਦੇ ਯਤਨ ਸਦਕਾ ਇਹ ਭਾਸ਼ਾ ਗਲੋਬਲ ਪੱਧਰ ‘ਤੇ ਲਗਾਤਾਰ ਆਪਣੀ ਮਜ਼ਬੂਤ ਪਹਿਚਾਣ ਬਣਾ ਰਹੀ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਹਿੰਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਹਿੰਦੀਂ ਨੂੰ ਇੱਕ ਸੂਖਮ ਤੇ ਸਮਰਥ ਭਾਸ਼ਾ ਬਣਾਉਣ ਵਿੱਚ ਅਲੱਗ-ਅਲੱਗ ਖੇਤਰ ਦੇ ਲੋਕਾਂ ਨੇ ਵੱਖਰੀ-ਵੱਖਰੀ ਭੂਮਿਕਾ ਨਿਭਾਈ ਹੈ। ਇਹ ਸਭ ਤੁਹਾਡੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਹੈ ਕਿ ਗਲੋਬਲ ਪੱਧਰ ‘ਤੇ ਹਿੰਦੀ ਲਗਾਤਾਰ ਆਪਣੀ ਮਜ਼ਬੂਤ ਪਹਿਚਾਣ ਬਣਾ ਰਹੀਂ ਹੈ।
ਦੱਸ ਦੇਈਏ ਕਿ ਹਿੰਦੀ ਨੂੰ 14 ਸਤੰਬਰ 1949 ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ, ਲਿਹਾਜ਼ਾ ਇਸ ਦਿਨ ਨੂੰ ਹਿੰਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਾਲੀ ਹਿੰਦੀ ਦੇ ਨਾਲ ਹੀ ਅੰਗਰੇਜ਼ੀ ਨੂੰ ਵੀ ਅਧਿਕਾਰਿਕ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ ਪਰ 1949 ਵਿੱਚ ਹਿੰਦੀ ਨੂੰ ਰਾਜ ਭਾਸ਼ਾ ਐਲਾਨ ਦਿੱਤਾ ਗਿਆ ਸੀ।
ਗੌਰਤਲਬ ਹੈ ਕਿ ਹਿੰਦੀ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਿ ਅੱਜ ਦੁਨੀਆ ਵਿੱਚ ਹਿੰਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਚੁੱਕੀ ਹੈ। ਦੁਨੀਆ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 75-80 ਕਰੋੜ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਲਗਭਗ 77 ਪ੍ਰਤੀਸ਼ਤ ਲੋਕ ਹਿੰਦੀ ਲਿਖਦੇ, ਪੜ੍ਹਦੇ, ਬੋਲਦੇ ਤੇ ਸਮਝਦੇ ਹਨ।