ਹੁਣ ਜੈਪੁਰ ਤੋਂ ਦਿੱਲੀ ਦੀ ਦੂਰੀ ਬੇਹੱਦ ਘੱਟ ਸਮੇਂ ਵਿੱਚ ਪੂਰੀ ਕਰ ਲਈ ਜਾਵੇਗੀ । ਦਰਅਸਲ, ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਭਾਰਤ ਦਾ ਪਹਿਲਾ ਇਲੈਕਟ੍ਰਿਕ ਹਾਈਵੇ ਦਿੱਲੀ ਤੇ ਜੈਪੁਰ ਵਿਚਾਲੇ ਜਲਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਗਡਕਰੀ ਅਨੁਸਾਰ ਮੰਤਰਾਲੇ ਇਨ੍ਹਾਂ ਦੋਹਾਂ ਸ਼ਹਿਰਾਂ ਵਿਚਾਲੇ ਹਾਈਵੇ ਦੇ ਨਿਰਮਾਣ ਲਈ ਇੱਕ ਵਿਦੇਸ਼ੀ ਕੰਪਨੀ ਦੇ ਨਾਲ ਚਰਚਾ ਕਰ ਰਿਹਾ ਹੈ। ਇਸ ਹਾਈਵੇ ਦੇ ਨਿਰਮਾਣ ਦੇ ਬਾਅਦ ਦੋਹਾਂ ਸ਼ਹਿਰਾਂ ਵਿਚਾਲੇ ਦੀ ਦੂਰੀ ਨੂੰ ਘੱਟ ਸਮੇਂ ਵਿੱਚ ਪੂਰਾ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਲੀ-ਮੁੰਬਈ ਐਕਸਪ੍ਰੈੱਸਵੇ ਦੇ ਵਿਕਾਸ ਬਾਰੇ ਦੱਸਿਆ ਸੀ, ਜਿਸ ਨਾਲ ਦੋਹਾਂ ਸ਼ਹਿਰਾਂ ਵਿਚਾਲੇ ਸੜਕ ਰਾਹੀਂ ਸਫ਼ਰ ਕਰਨ ਵਿੱਚ ਲੱਗਣ ਵਾਲੇ ਸਮੇਂ ਵਿੱਚ ਲਗਭਗ 24 ਘੰਟੇ ਦੀ ਕਮੀ ਹੋ ਸਕਦੀ ਹੈ। ਗਡਕਰੀ ਨੇ ਦਾਅਵਾ ਕੀਤਾ ਹੈ ਕਿ ਨਵਾਂ ਹਾਈਵੇ ਬਣਾਉਣ ਤੋਂ ਬਾਅਦ ਜੈਪੁਰ ਤੇ ਦਿੱਲੀ ਵਿਚਾਲੇ ਦੀ ਦੂਰੀ ਸਿਰਫ਼ ਦੋ ਘੰਟਿਆਂ ਵਿੱਚ ਪੂਰੀ ਕਰ ਲਈ ਜਾਵੇਗੀ।
ਦੱਸ ਦੇਈਏ ਕਿ NHAI ਅਨੁਸਾਰ ਦਿੱਲੀ ਅਤੇ ਜੈਪੁਰ ਵਿਚਾਲੇ ਯਾਤਰਾ ਦਾ ਸਮਾਂ ਅਗਲੇ ਸਾਲ ਮਾਰਚ ਤੱਕ ਘੱਟ ਹੋ ਸਕਦਾ ਹੈ। NHAI ਨੂੰ ਉਮੀਦ ਹੈ ਕਿ ਮਾਰਚ 2022 ਤੋਂ ਪਹਿਲਾਂ ਦਿੱਲੀ-ਮੁੰਬਈ ਐਕਸਪ੍ਰੈਸਵੇ ਦਾ ਸੋਹਨਾ-ਦੌਸਾ ਸਟ੍ਰੈੱਚ ਪੂਰਾ ਕਰ ਲਿਆ ਜਾਵੇਗਾ।