ਬੀਤੇ ਦਿਨੀ ਹੋਈ ਬਰਸਾਤ ਕਰਕੇ ਅਬੋਹਰ ਇਲਾਕੇ ਵਿਚ ਨਰਮੇ ਦੀ ਫਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਫ਼ਸਲ ਦੇ ਹੋਏ ਖ਼ਰਾਬੇ ਕਰਕੇ ਕਿਸਾਨ ਦਾ ਜਿਥੇ ਆਰਥਿਕ ਨੁਕਸਾਨ ਹੋਇਆ ਹੈ ਉਥੇ ਹੀ ਉਹ ਮਾਨਸਿਕ ਤੌਰ ‘ਤੇ ਵੀ ਪਰੇਸ਼ਾਨ ਹਨ, ਪਰੇਸ਼ਾਨੀ ਹੁਣ ਨਰਮੇ ਦੀ ਫਸਲ ‘ਤੇ ਹੋਏ ਖਰਚੇ ਦੀ ਵੀ ਹੈ ਅਤੇ ਅਗਲੀ ਫ਼ਸਲ ਦੀ ਬਿਜਾਈ ਲਈ ਹੋਣ ਵਾਲੇ ਖਰਚੇ ਦੀ ਵੀ ਹੈ।
ਬਰਬਾਦ ਹੋਈ ਨਰਮੇ ਦੀ ਫਸਲ ਦੇ ਦ੍ਰਿਸ਼ ਅਬੋਹਰ ਦੇ ਪਿੰਡ ਸੈਦਾਂ ਵਾਲੀ ਦੇ ਹਨ, ਕਿਸਾਨ ਖੇਤਾਂ ‘ਚ ਡਿੱਗੀ ਫ਼ਸਲ ਦੇ ਬਹਾਲ ਹੋਣ ਦੀ ਉਮੀਦ ਕਰਕੇ ਉਸਨੂੰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਰਬਾਦ ਫ਼ਸਲ ਨੂੰ ਵੇਖ ਕੇ ਚਿੰਤਾ ਵਿਚ ਹਨ ਅਤੇ ਖ਼ਰਾਬ ਬੁੱਟਿਆ ਤੋਂ ਨਰਮੇ ਦੀ ਚੁਗਾਈ ਕਰਕੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਵਿਚ ਲੱਗੇ ਹਨ। ਇਨ੍ਹਾਂ ਕਿਸਾਨਾਂ ਦੇ ਖੇਤਾਂ ਨੂੰ ਜਿਥੇ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਕੁਝ ਦੂਰੀ ਤੋਂ ਲੱਗਦੇ ਸੇਮ ਨਾਲੇ ਦੇ ਪਾਣੀ ਦੀ ਮਾਰ ਦੇ ਨਾਲ ਨਾਲ ਸੇਮ ਵੀ ਮਾਰ ਕਰਦੀ ਹੈ। ਥੋੜੀਆਂ ਥੋੜੀਆਂ ਜ਼ਮੀਨਾਂ ਵਾਲੇ ਕਿਸਾਨ ਹਨ ਤੇ ਜਮੀਨ ਠੇਕੇ ‘ਤੇ ਲੈਕੇ ਵਾਹੀ ਕਰਦੇ ਹਨ। ਕਰੀਬ 40 ਹਜਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨਾਂ ਠੇਕੇ ‘ਤੇ ਲਈਆਂ ਹਨ ,ਉਪਰੋਂ ਕਰੀਬ 25 ਹਜਾਰ ਪ੍ਰਤੀ ਏਕੜ ਦਾ ਖਰਚਾ ਬਿਜਾਈ ,ਸਪਰੇ ਆਦਿ ਦਾ ਹੁਣ ਤੱਕ ਹੋ ਚੁੱਕਿਆ ਹੈ, ਅਜਿਹੇ ‘ਚ ਫ਼ਸਲ ਬਰਬਾਦ ਹੋਣਾਂ ਕਿਸਾਨ ਦਾ ਲੱਕ ਟੁਟਣਾ ਹੈ।
ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਖ਼ਰਾਬੇ ਸਬੰਧੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦੇਵੇ ਤਾਂਜੋ ਉਹ ਅਗਲੀ ਫ਼ਸਲ ਦੀ ਬਿਜਾਈ ਯੋਗ ਹੋ ਸਕਣ ਨਹੀਂ ਤਾਂ ਖ਼ੁਦਕੁਸ਼ੀ ਹੀ ਆਖਰੀ ਰਾਹ ਹੈ। ਉਨ੍ਹਾਂ ਦਾ ਰੋਸ਼ ਹੈ ਕਿ ਪਿਛਲੀ ਵਾਰ ਸੇਮ ਨਾਲੇ ਨੇ ਫ਼ਸਲਾਂ ਬਰਬਾਦ ਕਰ ਦਿੱਤੀਆਂ ਤੇ ਸਰਕਾਰ ਨੇ ਮੁਆਵਜੇ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਸਰਕਾਰ ਵਲੋਂ ਉਨ੍ਹਾਂ ਨੁ ਇੱਕ ਪੈਸ਼ਾ ਨਹੀਂ ਮਿਲਿਆ ਤੇ ਹੁਣ ਬਰਸਾਤ ਨੇ ਫ਼ਸਲ ਬਰਬਾਦ ਕਰ ਦਿੱਤੀ। ਖੇਤੀਬਾੜੀ ਅਫ਼ਸਰ ਸੁੰਦਰ ਲਾਲ ਦਾ ਕਹਿਣਾ ਹੈ ਕਿ ਮਹਿਕਮਾ ਖੇਤੀਬਾੜੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਵੱਲੋਂ ਬਰਸਾਤ ਕਰਕੇ ਨਰਮੇ ਦੀ ਫ਼ਸਲ ਦੇ ਖ਼ਰਾਬੇ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ ਖ਼ਰਾਬੇ ਸਬੰਧੀ ਸਹੀ ਅੰਕੜੇ ਸਰਵੇ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕਦਾ ਹੈ।