ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਕੰਮ ਦਬਾਅ ਦਾ ਖੇਤਰ ਸ਼ਨੀਵਾਰ ਨੂੰ ਚੱਕਰਵਾਤੀ ਤੂਫ਼ਾਨ ਗੁਲਾਬ ਵਿੱਚ ਤਬਦੀਲ ਹੋ ਗਿਆ ਹੈ। ਇਸ ਤੂਫ਼ਾਨ ਦਾ ਨਾਮ ਪਾਕਿਸਤਾਨ ਨੇ ਗੁਲਾਬ ਰੱਖਿਆ ਹੈ। ਮੌਸਮ ਵਿਭਾਗ ਅਨੁਸਾਰ ਇਹ ਤੂਫ਼ਾਨ ਅੱਜ ਸ਼ਾਮ ਤੱਟ ਨਾਲ ਟਕਰਾਏਗਾ।
ਇਸ ਦੌਰਾਨ ਹਵਾ ਦੀ ਰਫ਼ਤਾਰ 85 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਜਿਸਦੇ ਮੱਦੇਨਜ਼ਰ ਉੱਤਰੀ ਆਂਧਰਾ ਪ੍ਰਦੇਸ਼ ਅਤੇ ਉਸ ਨਾਲ ਲੱਗਦੇ ਦੱਖਣੀ ਉੜੀਸਾ ਦੇ ਤੱਟੀ ਇਲਾਕਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।
ਦਰਅਸਲ, ਇਨ੍ਹਾਂ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਭਾਰੀ ਤੂਫ਼ਾਨ ਦੇ ਚੱਲਦਿਆਂ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੂ ਉੜੀਸਾ ਦੇ ਨਿਚਲੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਦਾ ਆਦੇਸ਼ ਦਿੱਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ 24 ਤੋਂ 48 ਘੰਟਿਆਂ ਦੌਰਾਨ ਦੱਖਣੀ ਉੜੀਸਾ ਤੇ ਉੱਤਰੀ ਆਂਧਰਾ ਪ੍ਰਦੇਸ਼ ਵਿੱਚ ਅਲੱਗ-ਅਲੱਗ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਉੜੀਸਾ ਦੇ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਕੇਂਦਰਪਾੜਾ, ਜਗਤਸਿੰਘਪੁਰ, ਕਟਕ, ਭੁਵਨੇਸ਼ਵਰ, ਖੋਰਧਾ, ਪੁਰੀ ਆਦਿ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋ ਸਕਦੀ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਤੋਂ ਬਾਅਦ ਉੜੀਸਾ ਸਰਕਾਰ ਨੇ 7 ਜ਼ਿਲ੍ਹਿਆਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ। ਪ੍ਰਸ਼ਾਸਨ ਵੱਲੋਂ ਬਚਾਅ ਟੀਮਾਂ ਵੀ ਤੈਨਾਤ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੀ ਮਦਦ ਨਾਲ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਲਿਜਾਇਆ ਜਾ ਰਿਹਾ ਹੈ।