ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ’ਤੇ ਜਾਰੀ ਕਿਸਾਨ ਅੰਦੋਲਨ ਨੂੰ 10 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸੇ ਵਿਚਾਲੇ ਕਿਸਾਨ ਅੰਦੋਲਨ ਨਾਲ ਜੁੜੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ।
ਮਿਲੀ ਜਾਣਕਾਰੀ ਅਨੁਸਾਰ ਸਿੰਘੂ ਬਾਰਡਰ ’ਤੇ ਜਾਰੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਦੇ ਕਾਫਲੇ ਨਾਲ ਕਰਨਾਲ ਨੇੜੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਨੌਜਵਾਨ ਕਿਸਾਨ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਸਿੰਘੂ ਬਾਰਡਰ ਲਈ ਪੱਟੀ ਹਲਕੇ ਤੋਂ 25 ਸਤੰਬਰ ਨੂੰ ਕਿਸਾਨ ਸੰਘਰਸ਼ ਕਮੇਟੀ ਦੇ ਜਥੇਬੰਦਕ ਢਾਂਚੇ ਦੇ ਆਗੂ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਕਾਫ਼ਲਾ ਰਵਾਨਾ ਹੋਇਆ ਸੀ।
ਦੱਸ ਦੇਈਏ ਕਿ ਕਿਸਾਨਾਂ ਦਾ ਇਹ ਕਾਫਲਾ ਜਿਵੇਂ ਹੀ ਦੇ ਕਰਨਾਲ ਨੇੜੇ ਪਹੁੰਚਿਆ ਉਨ੍ਹਾਂ ਦੇ ਟਰੈਕਟਰ ਟਰਾਲੇ ਦੀ ਇੱਕ ਤੇਜ਼ ਰਫ਼ਤਾਰ ਕੈਂਟਰ ਨਾਲ ਟੱਕਰ ਹੋ ਗਈ । ਜਿਸ ਵਿੱਚ ਹਰਜਿੰਦਰ ਸਿੰਘ ਵਾਸੀ ਸੰਗਵਾਂ ਦੀ ਮੌਤ ਹੋ ਗਈ ਜਦਕਿ ਕਿਸਾਨ ਕਵਲਜੀਤ ਸਿੰਘ, ਸਵਰਨ ਕੁਮਾਰ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ।