ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਵਾਪਰੀ ਘਟਨਾ ਨੂੰ ਚਾਰ ਦਿਨ ਹੋ ਗਏ ਹਨ। ਪਰ ਚਾਰ ਦਿਨਾਂ ਬਾਅਦ ਵੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਤੋਂ ਕਾਂਗਰਸ ਸਣੇ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਮੋਦੀ ਸਰਕਾਰ ਤੇ ਰਾਜ ਦੀ ਯੋਗੀ ਸਰਕਾਰ ‘ਤੇ ਹਮਲਾ ਬੋਲ ਰਹੀਆਂ ਹਨ।
ਇਸ ਵਿਚਾਲੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦਾ ਕਹਿਣਾ ਹੈ ਕਿ ਜਦੋਂ ਤੱਕ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮੈਂ ਡਟੀ ਰਹਾਂਗੀ।
ਦਰਅਸਲ, ਪ੍ਰਿਯੰਕਾ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਉਹ ਗ੍ਰਹਿ ਰਾਜ ਮੰਤਰੀ ਰਹਿਣਗੇ ਇਸ ਮਾਮਲੇ ਵਿੱਚ ਉਦੋਂ ਤੱਕ ਨਿਆਂ ਨਹੀਂ ਮਿਲ ਸਕਦਾ । ਇਹ ਸਭ ਉਨ੍ਹਾਂ ਦੇ ਅੰਡਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਸ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋ ਸਕਦੀ।
ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਅਸੀਂ ਤਿੰਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਵੱਲੋਂ ਸਿਰਫ਼ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਮੁਆਵਜ਼ੇ ਨਾਲ ਕੋਈ ਮਤਲਬ ਨਹੀਂ ਹੈ। ਸਾਨੂੰ ਸਿਰਫ਼ ਨਿਆਂ ਚਾਹੀਦਾ ਹੈ।
ਇਹ ਵੀ ਪੜ੍ਹੋ: ਪੰਜਾਬ ‘ਆਪ’ ‘ਚ ਘਮਾਸਾਨ, ਇਸ ਗੱਲੋਂ ਰੁੱਸੇ ਭਗਵੰਤ ਮਾਨ, ਪਾਰਟੀ ਤੋਂ ਬਣਾਈ ਦੂਰੀ
ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਖੜ੍ਹੀ ਹਾਂ। ਇਸਦੇ ਲਈ ਮੈਂ ਉਦੋਂ ਤੱਕ ਲੜਾਂਗੀ ਜਦੋਂ ਤੱਕ ਇਸ ਮੰਤਰੀ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ ਨਹੀਂ ਹੁੰਦਾ ਮੈਂ ਡਟੀ ਰਹਾਂਗੀ, ਕਿਉਂਕਿ ਮੈਂ ਉਨ੍ਹਾਂ ਪਰਿਵਾਰਾਂ ਨਾਲ ਵਾਅਦਾ ਕੀਤਾ ਹੈ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਰਿਟਾਇਰਡ ਜੱਜ ਦੇ ਅੰਡਰ ਹੀ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।