ਲਖੀਮਪੁਰ ਘਟਨਾ ਦੇ ਵਿਰੋਧ ਵਿੱਚ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਨੂੰ ਹੁਣ ਪੰਜਾਬ ਕਾਂਗਰਸ ਦਾ ਸਮਰਥਨ ਮਿਲ ਗਿਆ ਹੈ।
ਦੋਵਾਂ ਆਗੂਆਂ ਦੇ ਸਮਰਥਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀਰਵਾਰ ਯਾਨੀ ਅੱਜ ਲਖੀਮਪੁਰ ਖੀਰੀ ਲਈ ਰਵਾਨਾ ਹੋਣਗੇ। ਉਨ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਅਤੇ ਕਾਂਗਰਸੀ ਵਿਧਾਇਕ ਲਖੀਮਪੁਰ ਜਾਣਗੇ।
ਇਸੇ ਵਿਚਾਲੇ ਨਵਜੋਤ ਸਿੱਧੂ ਦਾ ਰਸਤੇ ਵਿੱਚ ਵਿਰੋਧ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਕਿਸਾਨ ਆਗੂਆਂ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਕਿਸਾਨਾਂ ਨੇ ਨਵਜੀਤ ਸਿੱਧੂ ਦੀ ਗੱਡੀ ਰੋਕ ਕੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇਸ ਨਾਲ ਜੁੜੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਕਿਸਾਨਾਂ ਨੇ ਸਵਾਲ ਕਰਦਿਆਂ ਕਿਹਾ ਕਿ ਉਹ ਪਿਛਲੇ ਸਾਢੇ 4 ਸਾਲਾਂ ਤੋਂ ਕਿੱਥੇ ਸਨ। ਕਿਸਾਨਾਂ ਵੱਲੋਂ ਉਨ੍ਹਾਂ ਦੇ ਲਖੀਮਪੁਰ ਜਾਣ ਨੂੰ ਇੱਕ ਸਿਆਸੀ ਡਰਾਮਾ ਵੀ ਕਰਾਰ ਦਿੱਤਾ ਗਿਆ ਹੈ। ਕਾਫ਼ੀ ਸਮਾਂ ਵਿਰੋਧ ਹੋਣ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਉਹ ਉਥੋਂ ਰਵਾਨਾ ਹੋ ਗਏ ਹਨ।