ਸ੍ਰੀ ਹੇਮਕੁੰਟ ਸਾਹਿਬ, ਉਹ ਇਤਿਹਾਸਿਕ ਧਾਰਮਿਕ ਅਸਥਾਨ ਜਿੱਥੇ ਦੇਸ਼-ਦੁਨੀਆਂ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਐਤਵਾਰ ਯਾਨੀ ਕਿ ਅੱਜ ਦੁਪਹਿਰ 1.30 ਵਜੇ ਸਰਦੀਆਂ ਲਈ ਬੰਦ ਕਰ ਦਿੱਤੇ ਜਾਣਗੇ ।
ਕਪਾਟ ਬੰਦ ਹੋਣ ਦੀ ਪ੍ਰਕਿਰਿਆ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਹੈ। ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਵਜੇ ਤੱਕ ਕੀਰਤਨ ਕੀਤਾ ਜਾਵੇਗਾ । ਇਸ ਤੋਂ ਬਾਅਦ ਇਸ ਸਾਲ ਦੀ ਅੰਤਿਮ ਅਰਦਾਸ ਦੁਪਹਿਰ 12.30 ਵਜੇ ਹੋਵੇਗੀ । ਇਸ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਜਾਵੇਗਾ।
ਇਹ ਵੀ ਪੜ੍ਹੋ: ਬਿਜਲੀ ਸੰਕਟ ਹੋਇਆ ਹੋਰ ਵੀ ਡੂੰਘਾ, ਐਤਵਾਰ ਨੂੰ 8 ਘੰਟੇ ਦਾ ਕੱਟ ਲਾਉਣ ਦੀ ਤਿਆਰੀ
ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ਸਾਹਿਬ ਦੇ ਗਰਭਗ੍ਰਹਿ ਵਿਖੇ ਲਿਆਂਦਾ ਜਾਵੇਗਾ। ਇਸ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸਰਦੀਆਂ ਲਈ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਜਾਣਗੇ ।
ਦੱਸ ਦੇਈਏ ਕਿ ਇਸ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਈ ਸੀ। ਇਸਦੇ ਬਾਵਜੂਦ 10 ਹਜ਼ਾਰ ਤੋਂ ਵੱਧ ਸ਼ਰਧਾਲੂ ਇੱਥੇ ਦਰਸ਼ਨ ਕਰ ਚੁੱਕੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁੱਖ ਪ੍ਰਬੰਧਕ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਬਹੁਤ ਜ਼ਿਆਦਾ ਠੰਡ ਅਤੇ ਖਰਾਬ ਮੌਸਮ ਦੇ ਮੱਦੇਨਜ਼ਰ ਟਰੱਸਟ ਵੱਲੋਂ 10 ਅਕਤੂਬਰ ਨੂੰ ਦਰਵਾਜ਼ੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।