ਜਲੰਧਰ ਵਿੱਚ ਦਿੱਲੀ ਨੈਸ਼ਨਲ ਹਾਈਵੇ ‘ਤੇ PAP ਚੌਂਕ ਨੇੜੇ ਲੱਗਿਆ ਟ੍ਰੈਫਿਕ ਜਾਮ ਖਤਮ ਹੋ ਗਿਆ ਹੈ। ਪੰਜਾਬ ਵਿੱਚ ਕੋਲੇ ਦੀ ਕਿਲੱਤ ਦੇ ਚੱਲਦਿਆਂ ਪੈਦਾ ਹੋਏ ਬਿਜਲੀ ਸੰਕਟ ਦੇ ਰੋਸ ਵਿੱਚ ਅੱਜ ਕਿਸਾਨਾਂ ਵੱਲੋਂ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਸੀ। ਕਿਸਾਨਾਂ ਵੱਲੋਂ ਇਹ ਪ੍ਰਦਰਸ਼ਨ 11 ਵਜੇ ਸ਼ੁਰੂ ਕੀਤਾ ਗਿਆ ਸੀ।
ਤਕਰੀਬਨ 2 ਘੰਟਿਆਂ ਬਾਅਦ ਜਲੰਧਰ ਦੇ ਚੀਫ਼ ਇੰਜੀਨੀਅਰ ਜੈਨਇੰਦਰ ਦਾਨਿਆ ਨੇ ਮੌਕੇ ‘ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਕੋਲੇ ਦੀ ਮਜ਼ਬੂਰੀ ਦੱਸੀ ਤੇ ਉਨ੍ਹਾਂ ਨੂੰ 2 ਦਿਨ ਤੱਕ ਬਿਜਲੀ ਦੀ ਨਿਰਵਿਘਨ ਸਪਲਾਈ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ 2 ਦਿਨ ਦਾ ਅਲਟੀਮੇਟਮ ਦਿੰਦਿਆਂ ਧਰਨਾ ਖਤਮ ਕਰ ਦਿੱਤਾ। ਜਿਸ ਤੋਂ ਬਾਅਦ ਮੁੜ ਆਵਾਜਾਈ ਸ਼ੁਰੂ ਹੋ ਗਈ।
ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਬਿਜਲੀ ਸੰਕਟ ਦੇ ਰੋਸ ਵਜੋਂ ਪਹਿਲਾਂ ਮੈਕਡੋਨਲਡ ਨੇੜੇ ਜਾਮ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ PAP ਚੌਂਕ ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਿਸ ਕਾਰਨ ਇੱਥੋਂ ਲੁਧਿਆਣਾ, ਅੰਮ੍ਰਿਤਸਰ, ਦਿੱਲੀ, ਪਾਨੀਪਤ, ਰਾਜਪੁਰਾ ਸਣੇ ਹੋਰ ਥਾਵਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ।
ਦੱਸ ਦੇਈਏ ਕਿ ਟ੍ਰੈਫ਼ਿਕ ਦੇ ਲਗਾਤਾਰ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਪਾਵਰਕਾਮ ਦੇ ਚੀਫ ਇੰਜੀਨੀਅਰ ਨੇ ਕਿਸਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਖਤਮ ਕਰਵਾਇਆ। ਇਸਦੇ ਨਾਲ ਹੀ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੈਅ ਸਮੇਂ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਨਾ ਦਿੱਤੀ ਗਈ ਤਾਂ ਉਹ ਫਿਰ ਸੰਘਰਸ਼ ਨੂੰ ਮਜ਼ਬੂਰ ਹੋਣਗੇ।
ਇਸੇ ਵਿਚਾਲੇ BKU(ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਦੀ ਸਪਲਾਈ ਉਪਲੱਬਧ ਨਹੀਂ ਕਰਵਾ ਰਹੀ ਹੈ। ਜਿਸ ਕਾਰਨ ਫਸਲ ਦੀ ਬਿਜਾਈ ਤੇ ਖੇਤ ਵਿੱਚ ਖੜ੍ਹੀ ਫਸਲ ਦੀ ਕਟਾਈ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।