ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ ਦਿੱਲੀ ਤੋਂ ਪਾਕਿਸਤਾਨੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਅੱਤਵਾਦੀ ਪਾਕਿਸਤਾਨੀ ਦੇ ਪੰਜਾਬ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਫੜ੍ਹੇ ਗਏ ਅੱਤਵਾਦੀ ਕੋਲੋਂ AK-47, ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਵੱਲੋਂ ਫੜ੍ਹੇ ਗਏ ਅੱਤਵਾਦੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਇਸ ਅੱਤਵਾਦੀ ਕੋਲੋਂ AK-47 ਰਾਈਫਲ ਸਣੇ ਇੱਕ ਮੈਗਜ਼ੀਨ, 60 ਰਾਊਂਡ, ਇੱਕ ਹੱਥ ਗੋਲਾ, 50 ਰਾਊਂਡ ਤੇ 2 ਹੋਰ ਪਿਸਤੌਲ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ: ਫ਼ੌਜ ਨੇ 5 ਜਵਾਨਾਂ ਦੀ ਸ਼ਹਾਦਤ ਦਾ ਲਿਆ ਬਦਲਾ, ਪਿਛਲੇ 24 ਘੰਟਿਆਂ ‘ਚ ਪੰਜ ਅੱਤਵਾਦੀਆਂ ਨੂੰ ਕੀਤਾ ਢੇਰ
ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਭਾਰਤੀ ਨਾਗਰਿਕ ਦੀ ਫਰਜ਼ੀ ਆਈਡੀ ਦੇ ਨਾਲ ਰਹਿ ਰਿਹਾ ਸੀ। ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਉਸਨੇ ਸ਼ਾਸਤਰੀ ਪਾਰਕ ਦੇ ਇੱਕ ਪਤੇ ‘ਤੇ ਭਾਰਤੀ ਪਹਿਚਾਣ ਪੱਤਰ ਬਣਵਾਇਆ ਸੀ। ਜਿਨ੍ਹਾਂ ਵਿੱਚ ਉਸਦਾ ਨਾਮ ਅਲੀ ਅਹਿਮਦ ਨੂਰੀ ਸੀ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਇਸ ਅੱਤਵਾਦੀ ਕੋਲੋਂ ਹਥਿਆਰਾਂ ਤੋਂ ਇਲਾਵਾ 6 ਭਾਰਤੀ ਪਾਸਪੋਰਟ ਵੀ ਮਿਲੇ ਹਨ, ਜਿਨ੍ਹਾਂ ਨਾਲ ਉਹ ਪਿਛਲੇ ਕਾਫ਼ੀ ਸਮੇਂ ਤੋਂ ਲਕਸ਼ਮੀ ਨਗਰ ਇਲਾਕੇ ਵਿੱਚ ਰਹਿ ਰਿਹਾ ਸੀ। ਪੁਲਿਸ ਅੱਤਵਾਦੀ ਤੋਂ ਪੁੱਛਗਿੱਛ ਕਰ ਕੇ ਉਸਦੇ ਨੈੱਟਵਰਕ ਤੇ ਹੋਰ ਸਾਥੀਆਂ ਬਾਰੇ ਜਾਣਕਾਰੀ ਹਾਸਿਲ ਕਰਨ ਵਿੱਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ: ਅੱਜ ਹੋਵੇਗਾ ਡੇਰਾ ਮੁਖੀ ਦੀ ਸਜ਼ਾ ‘ਤੇ ਫੈਸਲਾ, ਪੰਚਕੂਲਾ ‘ਚ ਲੱਗੀ ਧਾਰਾ 144
ਦੱਸ ਦੇਈਏ ਕਿ ਭਾਰਤੀ ਖੁਫੀਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਸੀ ਕਿ ਦੇਸ਼ ਵਿੱਚ ਤਿਓਹਾਰਾਂ ਦੇ ਮੌਕੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਵੱਡਾ ਅੱਤਵਾਦੀ ਹਮਲਾ ਕੀਤਾ ਜਾ ਸਕਦਾ ਹੈ। ਜਿਸਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਵਿੱਚ ਐਤਵਾਰ ਨੂੰ ਹੀ ਸੁਰੱਖਿਆ ਵਧਾ ਦਿੱਤੀ ਗਈ ਸੀ।