ਦੇਸ਼ ਵਿੱਚ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ਉੱਤੇ ਪੈ ਰਿਹਾ ਹੈ। ਉੱਥੇ ਹੀ ਮਹਿੰਗਾਈ ਨੂੰ ਲੈ ਕੇ ਕਾਂਗਰਸ ਵੀ ਲਗਾਤਾਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਇੱਕ ਵਾਰ ਫਿਰ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ।
ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਲਿਖਿਆ, “ਪੁਰਾਣੀਆਂ ਲੋਕ ਕਥਾਵਾਂ ‘ਚ ਅਜਿਹੇ ਲਾਲਚੀ ਕੁਸ਼ਾਸਨ ਦੀ ਇੱਕ ਕਹਾਣੀ ਸੀ ਜੋ ਕਿ ਅੰਨ੍ਹੇਵਾਹ ਟੈਕਸ ਵਸੂਲੀ ਕਰਦਾ ਸੀ। ਪਹਿਲਾਂ ਜਨਤਾ ਦੁਖੀ ਹੁੰਦੀ ਸੀ ਪਰ ਅੰਤ ਵਿੱਚ ਜਨਤਾ ਹੀ ਉਸ ਕੁਸ਼ਾਸਨ ਨੂੰ ਖਤਮ ਕਰਦੀ ਸੀ। ਅਸਲ ਵਿੱਚ ਵੀ ਇਹੀ ਹੋਵੇਗਾ।”
ਰਾਹੁਲ ਗਾਂਧੀ ਨੇ ਕਿਹਾ, “ਕੇਂਦਰ ਸਰਕਾਰ ਨੇ ਜੀਡੀਪੀ ਤੋਂ 23 ਲੱਖ ਕਰੋੜ ਰੁਪਏ ਕਮਾਏ ਹਨ। ਜੀਡੀਪੀ ਦਾ ਮਤਲਬ ਗੈਸ, ਪੈਟਰੋਲ, ਡੀਜ਼ਲ ਹੈ। ਮੇਰਾ ਸਵਾਲ ਇਹ ਹੈ ਕਿ ਇਹ 23 ਲੱਖ ਰੁਪਏ ਕਿੱਥੇ ਗਏ। ਜਨਤਾ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੀ ਜੇਬ ਵਿੱਚੋਂ ਜੋ ਪੈਸਾ ਕੱਢਿਆ ਜਾ ਰਿਹਾ ਹੈ, ਇਹ ਕਿੱਥੇ ਜਾ ਰਿਹਾ ਹੈ।”