ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਅੱਜ ਵੀਰਵਾਰ ਨੂੰ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਤੇ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਘਟਨਾ ਵਾਲੀ ਥਾਂ ‘ਤੇ ਲਿਆਂਦਾ ਅਤੇ 03 ਅਕਤੂਬਰ ਦੀ ਘਟਨਾ ਦਾ ਦ੍ਰਿਸ਼ ਦੁਬਾਰਾ ਕ੍ਰੀਏਟ ਕੀਤਾ।
ਪੁਲਿਸ ਨੇ ਕਿਸਾਨਾਂ ਨੂੰ ਕੁਚਲਣ ਲਈ ਉਨ੍ਹਾਂ ਦੀ ਥਾਂ ‘ਤੇ ਪੁਤਲੇ ਵਰਤੇ। ਪੁਲਿਸ ਨੇ ਆਸ਼ੀਸ਼ ਮਿਸ਼ਰਾ, ਉਨ੍ਹਾਂ ਦੇ ਦੋਸਤ ਅਤੇ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ, ਅੰਕਿਤ ਦਾਸ ਦੇ ਗੰਨਰ ਲਤੀਫ ਉਰਫ ਕਾਲੇ ਅਤੇ ਇੱਕ ਕਰਮਚਾਰੀ ਸ਼ੇਖਰ ਭਾਰਤੀ ਨੂੰ ਵੀ ਮੌਕੇ ‘ਤੇ ਲਿਆਂਦਾ ਸੀ। ਅੰਕਿਤ ਦਾਸ ਥਾਰ ਦੇ ਪਿੱਛੇ ਚੱਲ ਰਹੀ ਫਾਰਚੂਨਰ ਵਿੱਚ ਸਵਾਰ ਸੀ। ਅੰਕਿਤ ਨੂੰ ਪੁਲਿਸ ਨੇ ਪੁੱਛਗਿੱਛ ਲਈ ਅੱਜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਹੈ।
3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਟਿਕੁਨੀਆ ਵਿਖੇ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਨਾਂ ਤੇ ਰਜਿਸਟਰਡ ਮਹਿੰਦਰਾ ਥਾਰ ਨੇ ਚਾਰ ਕਿਸਾਨਾਂ ਨੂੰ ਕੁਚਲ ਦਿੱਤਾ ਸੀ। ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ‘ਤੇ ਕਿਸਾਨਾਂ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿੱਚ ਐਫਆਈਆਰ ਦਰਜ ਹੋਣ ਦੇ ਸੱਤ ਦਿਨਾਂ ਬਾਅਦ ਪਿਛਲੇ ਹਫਤੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੱਲ੍ਹ ਸਥਾਨਕ ਅਦਾਲਤ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜੀ ਵੀ ਖਾਰਜ ਕਰ ਦਿੱਤੀ ਸੀ। ਮਿਸ਼ਰਾ ਨੂੰ 12 ਘੰਟਿਆਂ ਦੀ ਪੁਲਿਸ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਪੁੱਛਗਿੱਛ ਦੌਰਾਨ ਆਸ਼ੀਸ਼ ਮਿਸ਼ਰਾ ਇਹ ਨਹੀਂ ਦੱਸ ਸਕਿਆ ਸੀ ਕਿ ਉਹ ਘਟਨਾ ਵਾਲੇ ਦਿਨ ਯਾਨੀ 3 ਅਕਤੂਬਰ ਨੂੰ ਦੁਪਹਿਰ ਕਰੀਬ ਤਿੰਨ ਵਜੇ ਕਿੱਥੇ ਸੀ।