ਚੰਡੀਗੜ੍ਹ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਰੀਜਾਨਗਰ ਅਤੇ ਬੰਦੇਸ਼ਾ ਨੇੜੇ ਨਾਜਾਇਜ਼ ਬੁੱਚੜਖਾਨੇ ਚਲਾਉਣ ਅਤੇ ਗਾਵਾਂ ਦੇ ਹੱਤਿਆ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਗਊ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਜ਼ਿਲ੍ਹਾ ਪੁਲਿਸ ਨੇ ਨਾਜਾਇਜ਼ ਢੰਗ ਨਾਲ ਚਲਾਏ ਜਾ ਰਹੇ ਬੁੱਚੜਖਾਨੇ`ਤੇ ਛਾਪਾ ਮਾਰ ਕੇ ਤਿੰਨ ਮਰੀਆਂ ਤੇ ਤਿੰਨ ਜਿਊਂਦੀਆਂ ਗਾਵਾਂ, ਇੱਕ ਵੱਛਾ, ਇੱਕ ਜ਼ਖ਼ਮੀ ਗਾਂ, ਤੇਜ਼ਧਾਰ ਹਥਿਆਰ ਅਤੇ ਦੋ ਵਾਹਨ ਬਰਾਮਦ ਕਰਕੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਕੁੱਝ ਮੁਕਾਮੀ ਵਸਨੀਕ ਹਨ ਅਤੇ ਕੁੱਝ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।
ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੂੰ ਇਸ ਮਾਮਲੇ ਦੀਆਂ ਜੜ੍ਹਾਂ ਤੱਕ ਜਾਣ ਅਤੇ ਹੋਰਨਾਂ ਸੂਬਿਆਂ ਨਾਲ ਸੰਭਾਵੀ ਤੌਰ `ਤੇ ਜੁੜੇ ਇਸ ਗਿਰੋਹ ਦਾ ਪਰਦਾਫ਼ਾਸ਼ ਕਰਕੇ ਹੋਰਨਾਂ ਵਿਅਕਤੀਆਂ ਨੂੰ ਵੀ ਦਬੋਚਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਹਰ ਕਾਰਵਾਈ ਅਮਲ ਵਿੱਚ ਲਿਆਉਣ ਲਈ ਚਾਰਾਜੋਈ ਕੀਤੀ ਜਾਵੇਗੀ।