ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਦਾ ਅੰਦੋਲਨ ਜਾਰੀ ਹੈ। ਇਸ ਵਿਚਾਲੇ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਮੁਖੀ ਗੁਰਨਾਮ ਸਿੰਘ ਚਢੂਨੀ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ।
ਦਰਅਸਲ, ਹਰਿਆਣਾ ਦੇ ਰੋਹਤਕ ਵਿੱਚ ਬੀਤੇ ਦਿਨ ਕਿਸਾਨ ਮਹਾਪੰਚਾਇਤ ਆਯੋਜਿਤ ਕੀਤੀ ਗਈ ਸੀ। ਜਿਸਨੂੰ ਸੰਬੋਧਿਤ ਕਰਦਿਆਂ ਚਢੂਨੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਹਿਣਸ਼ੀਲਤਾ ਦੀ ਇੱਕ ਹੱਦ ਹੁੰਦੀ ਹੈ। ਸਾਡੇ ਸਬਰ ਦਾ ਇਮਤਿਹਾਨ ਨਾ ਲਵੋ।
ਇਹ ਵੀ ਪੜ੍ਹੋ: ਸ਼੍ਰੀਨਗਰ : ਗੋਲਗੱਪੇ ਵੇਚਣ ਵਾਲੇ ਨੂੰ ਅੱਤਵਾਦੀਆਂ ਨੇ ਮਾਰੀ ਗੋਲੀ, 2 ਹਫਤਿਆਂ ‘ਚ 8ਵੀਂ ਵਾਰਦਾਤ
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਹਿੰਸਾ ਨਹੀਂ ਕਰਨੀ ਚਾਹੀਦੀ। ਸਰਕਾਰ ਡੰਡੇ ਮਾਰੇਗੀ, ਜੇਲ੍ਹਾਂ ਵਿੱਚ ਵੀ ਭੇਜੇਗੀ । ਅਸੀਂ ਸਰਕਾਰ ਦਾ ਹਰ ਜ਼ੁਲਮ ਸਹਾਂਗੇ, ਪਰ ਸਾਨੂੰ ਹੱਥ ਨਹੀਂ ਚੁੱਕਣਾ ਹੈ। ਸਰਕਾਰ ਕੋਲ ਅਜੇ ਵੀ ਇਸ ਮੁੱਦੇ ਨੂੰ ਸੁਲਝਾਉਣ ਦਾ ਸਮਾਂ ਹੈ।
ਇਸ ਤੋਂ ਇਲਾਵਾ ਚਢੂਨੀ ਨੇ ਹਰਿਆਣਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਈ ਲੋਕਾਂ ਦੇ ਸਿਰ ਪਾੜ ਦਿੱਤੇ । ਨਾਲ ਹੀ ਦੋਸ਼ ਲਾਇਆ ਕਿ ਸਰਕਾਰ ਕਈ ਸੌ ਲੋਕਾਂ ’ਤੇ ਮੁਕੱਦਮੇ ਦਰਜ ਕਰ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਮੁੱਖ ਮੰਤਰੀ ਲੋਕਾਂ ਨੂੰ ਕਹਿੰਦਾ ਹੈ ਕਿ ਕਿਸਾਨਾਂ ਦੇ ਖਿਲਾਫ਼ ਡੰਡੇ ਚੁੱਕ ਲਓ ਤੇ ਉਸੇ ਦਿਨ ਹੀ ਸਰਕਾਰੀ ਗੁੰਡਿਆਂ ਵੱਲੋਂ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਨੂੰ ਕੁਚਲ ਦਿੱਤਾ ਜਾਂਦਾ ਹੈ।