ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਜਿੱਥੇ ਸਾਰੀਆਂ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਹੀ ਪਹਿਲੇ ਕੁੱਝ ਸਮੇਂ ਤੋਂ ਪੰਜਾਬ ਦੀ ਸਿਆਸਤ ‘ਚ ਵੱਡੇ ਉਲਟਫੇਰ ਵੀ ਦੇਖਣ ਨੂੰ ਮਿਲ ਰਹੇ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ‘ਤੇ ਪਹੁੰਚੇ ਹਨ।
ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕੁੱਝ ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਆਪਣੇ 2 ਦਿਨਾਂ ਪੰਜਾਬ ਦੌਰੇ ਦੌਰਾਨ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋ ਸੀ. ਐੱਮ. ਚਿਹਰੇ ਵੱਜੋਂ ਭਗਵੰਤ ਮਾਨ ਦੇ ਨਾਮ ਦਾ ਐਲਾਨ ਕਰ ਸਕਦੇ ਹਨ। ਦੱਸ ਦੇਈਏ ਕਿ ਪੰਜਾਬ ਦੌਰੇ ਲਈ ਕੇਜਰੀਵਾਲ ਰੇਲਗੱਡੀ ਰਾਹੀਂ ਅੱਜ ਸੰਗਰੂਰ ਪਹੁੰਚੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ।
ਕੇਜਰੀਵਾਲ ਅੱਜ ਮਾਨਸਾ ਵਿੱਚ ਕਿਸਾਨਾਂ ਨਾਲ ਮੁਕਾਲਤ ਕਰਨਗੇ ਪਰ ਉਸ ਤੋਂ ਪਹਿਲਾ ਕੇਜਰੀਵਾਲ ਸੰਸਦ ਮੈਂਬਰ ਭਗਵੰਤ ਮਾਨ ਦੇ ਘਰ ਲੰਚ ਕਰਨਗੇ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਲਈ ਪਾਰਟੀ ਵਰਕਰਾਂ ਸਣੇ ਕਈ ਵਿਧਾਇਕਾਂ ਨੇ ਵੀ ਮੰਗ ਕੀਤੀ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਕੇਜਰੀਵਾਲ ਇਸ ਸਬੰਧੀ ਕੋਈ ਐਲਾਨ ਕਰਨਗੇ ਜਾ ਨਹੀਂ। ਪੰਜਾਬ ਵਿੱਚ ਭਗਵੰਤ ਮਾਨ ਆਪ ਦੇ ਇਕੋ-ਇਕ ਐੱਮ. ਪੀ. ਹਨ ਅਤੇ ਇਸ ਦੇ ਨਾਲ ਹੀ ਪਾਰਟੀ ਕੋਲ ਪੰਜਾਬ ਵਿਚ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਵੱਡਾ ਚਿਹਰਾ ਵੀ ਨਹੀਂ ਹੈ, ਜਿਸ ਨੂੰ ਸੀ. ਐੱਮ. ਦੇ ਤੌਰ ਤੇ ਪੇਸ਼ ਕੀਤਾ ਜਾ ਸਕੇ। ਹਾਲਾਂਕਿ, ਪਿਛਲੀ ਵਾਰ ਦੇ ਦੌਰੇ ਦੌਰਾਨ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਆਪਣਾ ਛੋਟਾ ਭਰਾ ਦੱਸ ਗੱਲ ਨਿਬੇੜ ਦਿੱਤੀ ਸੀ ਪਰ ਵਿਧਾਇਕ ਰੂਬੀ ਸਣੇ ਪਾਰਟੀ ਦੇ ਕਈ ਮੈਂਬਰ ਮਾਨ ਨੂੰ ਜਲਦ ਸੀ. ਐੱਮ. ਚਿਹਰਾ ਐਲਾਨਣ ਦੀ ਮੰਗ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: