ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਦੀਆਂ ਦੋ ਅਜਿਹੀਆਂ ਯੋਜਨਾਵਾਂ ਲਾਂਚ ਕੀਤੀਆਂ ਹਨ, ਜਿਨ੍ਹਾਂ ਦਾ ਆਮ ਆਦਮੀ ਨੂੰ ਕਾਫੀ ਫਾਇਦਾ ਹੋਵੇਗਾ।
ਇਨ੍ਹਾਂ ਵਿੱਚ ਇਕ ਸਕੀਮ RBI ਰਿਟੇਲ ਡਾਇਰੈਕਟ ਸਕੀਮ ਹੈ ਅਤੇ ਦੂਜੀ RBI ਸ਼ਿਕਾਇਤ ਲੋਕਪਾਲ ਸਕੀਮ ਹੈ। ਰਿਟੇਲ ਡਾਇਰੈਕਟ ਸਕੀਮ ਦਾ ਛੋਟੇ ਨਿਵੇਸ਼ਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਸਕੀਮ ਜ਼ਰੀਏ ਛੋਟੇ ਨਿਵੇਸ਼ਕ ਸਰਕਾਰੀ ਸਕਿਓਰਿਟੀਜ਼ ਵਿੱਚ ਸਿੱਧੇ ਪੈਸੇ ਲਾ ਸਕਣਗੇ। ਇਹ ਸੁਰੱਖਿਅਤ ਵੀ ਹੋਵੇਗਾ। ਸਰਕਾਰੀ ਸਕਿਓਰਿਟੀਜ਼ ਵਿੱਚ ਆਮ ਤੌਰ ‘ਤੇ ਬੈਂਕ ਐੱਫ. ਡੀ. ਨਾਲੋਂ ਵੱਧ ਵਿਆਜ ਦਰ ਸਰਕਾਰ ਵੱਲੋਂ ਪੇਸ਼ ਕੀਤੀ ਜਾਂਦੀ ਹੈ। ਇਸ ਸਕੀਮ ਵਿੱਚ ਖਾਤਾ ਖੁੱਲ੍ਹਵਾਉਣ ਲਈ ਆਰ. ਬੀ. ਆਈ. ਦੇ ਰਿਟੇਲ ਪੋਰਟਲ ‘ਤੇ ਜਾਣਾ ਹੋਵੇਗਾ।
- ਰਿਟੇਲ ਡਾਇਰੈਕਟ ਸਕੀਮ
ਨਿਵੇਸ਼ਕ ਰਿਜ਼ਰਵ ਬੈਂਕ ਦੀ ਵੈੱਬਸਾਈਟ ‘ਤੇ ਆਨਲਾਈਨ ਰਿਟੇਲ ਡਾਇਰੈਕਟ ਗਿਲਟ ਖਾਤਾ ਖੋਲ੍ਹ ਕੇ ਸਰਕਾਰੀ ਸਕਿਓਰਿਟੀਜ਼ ਵਿੱਚ ਆਸਾਨੀ ਨਾਲ ਨਿਵੇਸ਼ ਕਰ ਸਕਣਗੇ। ਹੁਣ ਤੱਕ ਇਨ੍ਹਾਂ ਵਿੱਚ ਸੰਸਥਾਗਤ ਨਿਵੇਸ਼ ਜ਼ਿਆਦਾ ਹੁੰਦਾ ਸੀ। ਉੱਥੇ ਹੀ, ਖਾਤਾ ਖੋਲ੍ਹਣ ਲਈ ਰਿਜ਼ਰਵ ਬੈਂਕ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲਵੇਗਾ, ਯਾਨੀ ਇਸ ਸੇਵਾ ਲਈ ਕੋਈ ਫੀਸ ਨਹੀਂ ਲੱਗੇਗੀ। RBI ਰਿਟੇਲ ਡਾਇਰੈਕਟ ਸਕੀਮ ਦੇ ਪ੍ਰਚੂਨ ਨਿਵੇਸ਼ਕਾਂ ਸਰਕਾਰੀ ਸਕਿਓਰਿਟੀਜ਼ (G-sec) ਨੂੰ ਪ੍ਰਾਇਮਰੀ ਅਤੇ ਸੈਕੰਡਰੀ ਬਾਜ਼ਾਰਾਂ ਵਿੱਚ ਆਨਲਾਈਨ ਖਰੀਦ ਅਤੇ ਵੇਚ ਸਕਦੇ ਹਨ।
- ਰਿਜ਼ਰਵ ਬੈਂਕ ਏਕੀਕ੍ਰਿਤ ਲੋਕਪਾਲ ਯੋਜਨਾ
ਰਿਜ਼ਰਵ ਬੈਂਕ ਦੀ ਏਕੀਕ੍ਰਿਤ ਲੋਕਪਾਲ ਯੋਜਨਾ ਜ਼ਰੀਏ ਦੇਸ਼ ਵਿੱਚ ਲੋਕਾਂ ਦੀਆਂ ਬੈਂਕਾਂ ਸਬੰਧੀ ਸ਼ਿਕਾਇਤਾਂ ਨੂੰ ਜਲਦੀ ਅਤੇ ਆਸਾਨ ਤਰੀਕੇ ਨਾਲ ਹੱਲ ਕੀਤਾ ਜਾ ਸਕੇਗਾ।
ਇਸ ਸਕੀਮ ਦਾ ਥੀਮ – ਇੱਕ ਦੇਸ਼, ਇੱਕ ਲੋਕਪਾਲ ਬਣਾਇਆ ਗਿਆ ਹੈ। ਇਸ ਤਹਿਤ ਗਾਹਕ ਆਪਣੀ ਸ਼ਿਕਾਇਤ ਇੱਕ ਸਿੰਗਲ ਪੋਰਟਲ, ਇੱਕ ਈਮੇਲ ਅਤੇ ਇੱਕ ਹੀ ਪਤੇ ‘ਤੇ ਕਰ ਸਕਣਗੇ। ਇਸ ਸਿੰਗਲ ਵਿੰਡੋ ਰਾਹੀਂ ਬੈਂਕ ਗਾਹਕ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਣਗੇ, ਦਸਤਾਵੇਜ਼ ਜਮ੍ਹਾ ਕਰ ਸਕਣਗੇ ਅਤੇ ਸ਼ਿਕਾਇਤਾਂ ਦੀ ਸਥਿਤੀ ਕੀ ਹੈ ਇਸ ਦੀ ਨਿਗਰਾਨੀ ਕਰ ਸਕਣਗੇ ਅਤੇ ਆਪਣੀ ਪ੍ਰਤੀਕਿਰਿਆ ਦੇ ਸਕਣਗੇ।
ਇਹ ਵੀ ਪੜ੍ਹੋ : ਲਖੀਮਪੁਰ ਘਟਨਾ ਦੇ ਡੇਢ ਮਹੀਨੇ ਬਾਅਦ ਹਟਾਏ ਗਏ SP ਵਿਜੇ ਢੁਲ, ਦੋ ਹਫਤੇ ਪਹਿਲਾਂ ਹਟਾਏ ਗਏ ਸੀ DM
ਸਕੀਮਾਂ ਲਾਂਚ ਕਰਨ ਮੌਕੇ ‘ਤੇ ਪੀ. ਐੱਮ. ਮੋਦੀ ਨੇ ਕਿਹਾ ਕਿ ਅੱਜ ਜੋ ਦੋ ਯੋਜਨਾਵਾਂ ਲਾਂਚ ਕੀਤੀਆਂ ਗਈਆਂ ਹਨ, ਉਹ ਦੇਸ਼ ਵਿੱਚ ਨਿਵੇਸ਼ ਦੇ ਦਾਇਰੇ ਦਾ ਵਿਸਤਾਰ ਕਰਨਗੀਆਂ ਅਤੇ ਨਿਵੇਸ਼ਕਾਂ ਲਈ ਪੂੰਜੀ ਬਾਜ਼ਾਰ ਤੱਕ ਪਹੁੰਚ ਨੂੰ ਆਸਾਨ, ਵਧੇਰੇ ਸੁਰੱਖਿਅਤ ਬਣਾਉਣਗੀਆਂ। ਹੁਣ ਲੋਕਾਂ ਨੂੰ ਸੁਰੱਖਿਅਤ ਨਿਵੇਸ਼ ਦਾ ਇੱਕ ਹੋਰ ਵਿਕਲਪ ਮਿਲ ਗਿਆ ਹੈ। ਦੇਸ਼ ਦੇ ਇੱਕ ਵੱਡੇ ਵਰਗ ਲਈ ਸਰਕਾਰੀ ਸਕਿਓਰਿਟੀਜ਼ ਵਿੱਚ ਸਿੱਧਾ ਨਿਵੇਸ਼ ਕਰਨਾ ਆਸਾਨ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: