ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਮੁਤਬਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ 2024 ‘ਚ ਦੁਬਾਰਾ ਸੱਤਾ ‘ਚ ਆਉਣਾ ਮੁਸ਼ਕਿਲ ਕੰਮ ਹੋਵੇਗਾ।
ਥਰੂਰ ਨੇ ਕਿਹਾ ਕਿ ਇਸ ਦੇ ਪਿੱਛੇ ਦੋ ਅਹਿਮ ਕਾਰਨ ਹਨ, ਪਹਿਲਾ, ਉਨ੍ਹਾਂ ਕੋਲ ਇਹ ਦੱਸਣ ਲਈ ਕੁੱਝ ਖਾਸ ਨਹੀਂ ਹੈ ਕਿ ਪਿਛਲੇ ਸਾਢੇ ਸੱਤ ਸਾਲਾਂ ‘ਚ ਉਨ੍ਹਾਂ ਦੀ ਸਰਕਾਰ ਨੇ ਕੀ ਕੰਮ ਕੀਤਾ ਹੈ। ਦੂਸਰਾ, ਲੋਕ ਉਨ੍ਹਾਂ ਨੂੰ ਵੋਟ ਕਿਉਂ ਪਾਉਣਗੇ, ਜਦੋਂ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕੀ। ਪੀਐਮ ਮੋਦੀ ਨੂੰ 2019 ਵਿੱਚ ਬਾਲਾਕੋਟ ਏਅਰਸਟ੍ਰਾਈਕ ਦਾ ਫਾਇਦਾ ਵੋਟਾਂ ਬਟੋਰਨ ਲਈ ਮਿਲਿਆ ਸੀ, ਪਰ ਅਜਿਹਾ ਹਰ ਵਾਰ ਨਹੀਂ ਹੋਵੇਗਾ। ਦੂਜੇ ਪਾਸੇ ਜੇਕਰ ਦੂਜੀਆਂ ਪਾਰਟੀਆਂ ਵਿਰੋਧੀ ਧਿਰ ਨਾਲ ਹੱਥ ਮਿਲਾਉਂਦੀਆਂ ਹਨ ਤਾਂ ਇਹ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਪਿਛਲੀ ਵਾਰ 37 ਫੀਸਦੀ ਵੋਟਾਂ ਨਾਲ ਜਿੱਤੇ ਸਨ, ਪਰ ਜੇਕਰ ਬਾਕੀ ਸਾਰੇ ਉਨ੍ਹਾਂ ਦੇ ਖਿਲਾਫ ਇਕੱਠੇ ਹੋ ਜਾਣ ਤਾਂ ਇਹ 63 ਫੀਸਦੀ ਬਣ ਜਾਂਦਾ ਹੈ ਅਤੇ ਇਹ ਬਹੁਤ ਵੱਡੀ ਗਿਣਤੀ ਹੈ।
2024 ਦੀਆਂ ਆਮ ਚੋਣਾਂ ‘ਚ ਨਰਿੰਦਰ ਮੋਦੀ ਦਾ ਸਾਹਮਣਾ ਕਰਨ ਲਈ ਇੱਕ ਹੋਰ ਚਿਹਰੇ ਦੇ ਸਵਾਲ ‘ਤੇ ਥਰੂਰ ਨੇ ਕਿਹਾ ਕਿ ਨਰਿੰਦਰ ਮੋਦੀ ‘ਮੈਂ, ਮੈਂ, ਮੈਂ’ ਕਹਿ ਰਹੇ ਹਨ ਅਤੇ ਹਰ ਚੀਜ਼ ਲਈ ਕਹਿ ਰਹੇ ਹਨ ਕਿ ਉਹ ਸਭ ਜਾਣਦੇ ਹਨ, ਮੈਂ ਸਾਰੀਆਂ ਮੁਸੀਬਤਾਂ ਦਾ ਹੱਲ ਕਰ ਸਕਦਾ ਹਾਂ, ਇਹ ਹਰ ਵਾਰ ਨਹੀਂ ਚੱਲਣ ਵਾਲਾ। ਲੋਕ ਦੇਖ ਚੁੱਕੇ ਨੇ ਕਿ ਉਨ੍ਹਾਂ ਦੇ ਬੋਲਾਂ ਵਿੱਚ ਕਿੰਨੀ ਤਾਕਤ ਹੈ। ਨੋਟਬੰਦੀ ਦੀ ਤਬਾਹੀ ਸਭ ਦੇ ਸਾਹਮਣੇ ਹੈ। ਦੂਜੇ ਪਾਸੇ ਵਿਰੋਧੀ ਧਿਰ ਦਾ 2024 ਲਈ ਨਾਅਰਾ ਹੈ, ”ਮੈਂ ਨਹੀਂ, ਅਸੀਂ”। ਇਹ ਸਾਡੇ ਸਾਰੇ ਭਾਰਤੀਆਂ ਲਈ ਹੈ। ਦੇਸ਼ ਭਰ ਦੇ ਕੁੱਝ ਚੋਣਵੇਂ ਹੁਨਰ ਵਾਲੇ ਸਿਆਸਤਦਾਨ ਦੇਸ਼ ਦੀ ਸੇਵਾ ਵਿੱਚ ਅੱਗੇ ਆਉਣ, ਇਹ ਇਸ ਲਈ ਹੈ। ਇਹ ਨਰਿੰਦਰ ਮੋਦੀ ਬਨਾਮ ਇੱਕ ਚਿਹਰੇ ਦੀ ਲੜਾਈ ਕਿਉਂ ਹੋਣੀ ਚਾਹੀਦੀ ਹੈ?
ਵੀਡੀਓ ਲਈ ਕਲਿੱਕ ਕਰੋ -: