ਬੈਂਕ ਸੰਗਠਨ ਯੂ. ਐੱਫ. ਬੀ. ਯੂ. ਨੇ ਦੋ ਦਿਨਾਂ ਲਈ ਰਾਸ਼ਟਰ ਪੱਧਰੀ ਹੜਤਾਲ ਬੁਲਾਈ ਹੈ, ਜਿਸ ਕਾਰਨ ਐੱਸ. ਬੀ. ਆਈ. ਦਾ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਹੜਤਾਲ ਦੀ ਵਜ੍ਹਾ ਨਾਲ ਬ੍ਰਾਂਚਾਂ ਅਤੇ ਏ. ਟੀ. ਐੱਮ. ਖਾਸਾ ਪ੍ਰਭਾਵਿਤ ਹੋ ਸਕਦੇ ਹਨ। ਸਰਕਾਰ ਵੱਲੋਂ ਜਨਤਕ ਖੇਤਰ ਦੇ ਦੋ ਬੈਂਕਾਂ ਦਾ ਨਿੱਜੀਕਰਨ ਕੀਤੇ ਜਾਣ ਦੇ ਐਲਾਨ ਦੇ ਵਿਰੋਧ ਵਿੱਚ ਇਹ ਹੜਤਾਲ ਸੱਦੀ ਗਈ ਹੈ।
ਇਸ ਵਿਚਕਾਰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਹੈ ਕਿ ਸਾਨੂੰ ਭਾਰਤੀ ਬੈਂਕਾਂ ਦੇ ਸੰਗਠਨ ਨੇ ਸੂਚਨਾ ਦਿੱਤੀ ਹੈ ਕਿ ਯੂ. ਐੱਫ. ਬੀ. ਯੂ. ਨੇ 16 ਅਤੇ 17 ਦਸੰਬਰ, 2021 ਨੂੰ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਹੈ। ਐੱਸ. ਬੀ. ਆਈ. ਨੇ ਕਿਹਾ ਕਿ ਅਸੀਂ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਹੜਤਾਲ ਕਾਰਨ ਸਾਡੇ ਬੈਂਕ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ।
ਸਰਬ ਭਾਰਤੀ ਬੈਂਕ ਅਧਿਕਾਰੀ ਸੰਘ (AIBOC) ਦੇ ਜਨਰਲ ਸਕੱਤਰ ਸੰਜੇ ਦਾਸ ਨੇ ਕਿਹਾ ਕਿ ਜਨਤਕ ਖੇਤਰ ਬੈਂਕਾਂ ਦੇ ਨਿੱਜੀਕਰਨ ਨਾਲ ਇਕਨੋਮੀ ਦੇ ਤਰਜੀਹ ਵਾਲੇ ਖੇਤਰ ਪ੍ਰਭਾਵਿਤ ਹੋਣਗੇ, ਨਾਲ ਹੀ ਸਵੈ-ਸਹਾਇਤਾ ਗਰੁੱਪਾਂ ਅਤੇ ਪੇਂਡੂ ਅਰਥਵਿਵਸਥਾ ਲਈ ਕਰਜ਼ ਦੇਣ ਵਿੱਚ ਮੁਸ਼ਕਲ ਪੈਦਾ ਹੋਵੇਗੀ। ਉਨ੍ਹਾਂ ਅਨੁਸਾਰ, ਦੇਸ਼ ਦੀ ਕੁੱਲ ਜਮ੍ਹਾਂ ਰਾਸ਼ੀ ਦਾ 70 ਫ਼ੀਸਦੀ ਹਿੱਸਾ ਜਨਤਕ ਖੇਤਰ ਦੇ ਬੈਂਕਾਂ ਕੋਲ ਹੈ ਅਤੇ ਇਨ੍ਹਾਂ ਨੂੰ ਨਿੱਜੀ ਹੱਥਾਂ ਦੇ ਹਵਾਲੇ ਕਰਨ ਨਾਲ ਇਨ੍ਹਾਂ ਬੈਂਕਾਂ ਵਿੱਚ ਜਮ੍ਹਾਂ ਆਮ ਲੋਕਾਂ ਦਾ ਪੈਸਾ ਖ਼ਤਰੇ ਵਿੱਚ ਪੈ ਜਾਵੇਗਾ। ਗੌਰਤਲਬ ਹੈ ਕਿ 2021 ਦੇ ਬਜਟ ਭਾਸ਼ਣ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਚਾਲੂ ਵਿੱਤੀ ਸਾਲ ਦੌਰਾਨ ਦੋ ਜਨਤਕ ਖੇਤਰ ਦੇ ਬੈਂਕਾਂ ਦਾ ਨਿੱਜੀਕਰਨ ਕੀਤਾ ਜਾਵੇਗਾ।