ਪੰਜਾਬ ਭਰ ਦੇ ਵਿੱਚ ਇਨ੍ਹੀਂ ਦਿਨੀਂ ਰੇਤ ਦੇ ਰੇਟ ਮੁੱਖ ਮੰਤਰੀ ਪੰਜਾਬ ਵੱਲੋਂ ਨਿਰਧਾਰਤ ਕਰ ਦਿੱਤੇ ਗਏ ਜਿਸ ਤੋਂ ਬਾਅਦ ਜਿੱਥੇ ਰੇਤ ਸੋਲ਼ਾਂ ਰੁਪਏ ਪ੍ਰਤੀ ਸਕੇਅਰ ਫੁੱਟ ਮਿਲਦੀ ਸੀ ਉਥੇ ਹੀ ਹੁਣ ਸਾਢੇ ਪੰਜ ਰੁਪਏ ਪ੍ਰਤੀ ਸੁਕੇਅਰ ਫੁੱਟ ਨਵੇਂ ਰੇਟ ਨਿਰਧਾਰਿਤ ਕਰ ਦਿੱਤੇ ਗਏ ਹਨ। ਪਰ ਇਨ੍ਹਾਂ ਨਿਰਧਾਰਤ ਕੀਤੇ ਗਏ ਰੇਟਾਂ ਤੋਂ ਵੱਧ ਪੈਸੇ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲਾਲਾਬਾਦ ਦੇ ਪਿੰਡ ਗਰੀਬਾ ਸਾਂਦੜ ਵਿਖੇ ਚੱਲ ਰਹੀ ਰੇਤ ਖੱਡ ਤੋਂ ਖੱਡ ਨੂੰ ਚਲਾ ਰਹੇ ਠੇਕੇਦਾਰਾਂ ‘ਤੇ ਆਰੋਪ ਲੱਗੇ ਹਨ ਕਿ ਸਾਢੇ ਪੰਜ ਰੁਪਏ ਸੁਕੇਅਰ ਫੁੱਟ ਪਰਚੀ ਤੋਂ ਇਲਾਵਾ 400 ਰੁਪਏ ਡਾਲਾ ਅਤੇ 1000 ਰੁਪਏ ਰਾਹਦਾਰੀ ਦੇ ਵਸੂਲ ਕੀਤੇ ਜਾ ਰਹੇ ਹਨ। ਆਰੋਪ ਲਗਾਉਂਦੇ ਹੋਏ ਜਸਵੰਤ ਸਿੰਘ ਅਤੇ ਮੌੜ ਸਿੰਘ ਨੇ ਦੱਸਿਆ ਕਿ ਉਹ ਖੱਡ ਤੇ ਰੇਤ ਲੈਣ ਗਏ ਸਨ ਤਾਂ ਉਥੇ ਪੰਜ ਰੁਪਏ ਅਠੱਤਰ ਪੈਸੇ ਦੇ ਹਿਸਾਬ ਨਾਲ ਪਰਚੀ ਅਤੇ 1600 ਰੁਪਏ ਗੁੰਡਾ ਟੈਕਸ ਦੀ ਮੰਗ ਕੀਤੀ ਜਿਸ ‘ਤੇ ਉਨ੍ਹਾਂ ਨੇ ਗੁੰਡਾ ਟੈਕਸ ਦੇਣ ਤੋਂ ਨਾਂਹ ਕੀਤੀ ਤਾਂ ਉਕਤ ਠੇਕੇਦਾਰਾਂ ਦੇ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਇਥੋਂ ਤੱਕ ਕਿ ਉਨ੍ਹਾਂ ਨੂੰ ਰਿਵਾਲਵਰ ਦਿਖਾ ਕੇ ਡਰਾਇਆ ਧਮਕਾਇਆ ਗਿਆ।
ਮਾਮਲੇ ਦੀ ਸ਼ਿਕਾਇਤ ਕਰਨ ਤੇ ਜਲਾਲਾਬਾਦ ਤੋਂ ਤਹਿਸੀਲਦਾਰ ਸ਼ੀਸ਼ਪਾਲ ਸਿੰਘ ਮੌਕੇ ‘ਤੇ ਪਹੁੰਚੇ ਅਤੇ ਇਸ ਮਾਮਲੇ ਸਬੰਧੀ ਜ਼ਿਲ੍ਹੇ ਦੇ ਡੀਸੀ ਨੂੰ ਜਾਣੂ ਕਰਵਾਇਆ ਤਾਂ ਉਕਤ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਦੇ ਡੀਸੀ ਨੇ ਤਹਿਸੀਲਦਾਰ ਨੂੰ ਖੱਡ ਬੰਦ ਕਰਨ ਅਤੇ ਕਾਗਜ਼ ਪੱਤਰ ਲੈ ਕੇ ਦਫਤਰ ਹਾਜ਼ਰ ਹੋਣ ਦੇ ਹੁਕਮ ਦਿੱਤੇ। ਉਧਰ ਇਸ ਮਾਮਲੇ ‘ਤੇ ਜਲਾਲਾਬਾਦ ਤੋਂ ਕਾਂਗਰਸ ਦੇ ਲੀਡਰ ਕਾਕਾ ਕੰਬੋਜ਼ ਨੂੰ ਜਦ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਨੂੰ ਫੋਨ ‘ਤੇ ਸ਼ਿਕਾਇਤ ਮਿਲੀ ਹੈ ਅਤੇ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਅਤੇ ਜੋ ਗੁੰਡਾ ਟੈਕਸ ਲੈਣ ਦੀ ਗੱਲ ਆਖੀ ਜਾ ਰਹੀ ਹੈ ਉਸ ਸਬੰਧ ਵਿੱਚ ਕਾਰਵਾਈ ਕੀਤੀ ਜਾਏਗੀ। ਰੇਤ ਦੀ ਖੱਡ ਤੇ ਗੁੰਡਾ ਟੈਕਸ ਦੀ ਵਸੂਲੀ ਦੀ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ ਪਰ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਮਾਈਨਿੰਗ ਦਾ ਕੰਮ ਰੁਕਵਾ ਦਿੱਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਇੱਕ ਵਾਰ ਫੇਰ ਲੋਕਾਂ ਨੂੰ ਇੱਕ ਸੌ ਕਿਲੋਮੀਟਰ ਦੂਰ ਸਫਰ ਕਰ ਰੇਤ ਲੈਣ ਲਈ ਜਾਣਾ ਪਵੇਗਾ ਜਿਸਦੇ ਨਾਲ ਟਰਾਂਸਪੋਰਟੇਸ਼ਨ ਦਾ ਖਰਚਾ ਵਧੇਗਾ ਤੇ ਰੇਤ ਮਹਿੰਗੀ ਮਿਲੇਗੀ।