ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ਫੌਜੀ ਅਧਿਕਾਰੀ ਰੈਂਕ ਦੀ ਚੋਣ ਲਈ NDA ਦੀ ਪ੍ਰੀਖਿਆ ਵਿੱਚ ਅੱਠ ਹਜ਼ਾਰ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿੱਚੋਂ ਪਹਿਲੀ ਵਾਰ 1002 ਔਰਤਾਂ ਹਨ । ਇਹ ਪਹਿਲੀ ਵਾਰ ਹੈ ਜਦੋਂ ਮਹਿਲਾ ਉਮੀਦਵਾਰ 14 ਨਵੰਬਰ ਨੂੰ ਸੰਘ ਲੋਕ ਸੇਵਾ ਆਯੋਗ (ਯੂਪੀਐਸਸੀ) ਰਾਹੀਂ ਆਯੋਜਿਤ ਪ੍ਰੀਖਿਆ ਵਿੱਚ ਸ਼ਾਮਿਲ ਹੋਈ ਸੀ। ਮਿਲੀ ਜਾਣਕਾਰੀ ਅਨੁਸਾਰ ਕੁੱਲ 8000 ਸਫਲ ਉਮੀਦਵਾਰਾਂ ਵਿੱਚੋਂ ਇੱਕ ਹਜ਼ਾਰ ਤੋਂ ਵੱਧ ਔਰਤਾਂ ਨੇ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਹੈ। ਇਹ 1,002 ਮਹਿਲਾ ਉਮੀਦਵਾਰ ਹੁਣ ਸਰਵਿਸਿਜ਼ ਸਿਲੈਕਸ਼ਨ ਬੋਰਡ ਅਤੇ ਉਨ੍ਹਾਂ ਦੇ ਮੈਡੀਕਲ ਟੈਸਟਾਂ ਲਈ ਹਾਜ਼ਰ ਹੋਣਗੀਆਂ, ਜਿਸ ਤੋਂ ਬਾਅਦ ਇਨ੍ਹਾਂ ਵਿੱਚੋਂ 19 ਨੂੰ ਅਗਲੇ ਸਾਲ ਦੇ ਐਨਡੀਏ ਕੋਰਸ ਲਈ ਸ਼ਾਰਟਲਿਸਟ ਕੀਤਾ ਜਾਵੇਗਾ।
ਇੱਕ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਲਗਭਗ 20 ਮਹਿਲਾ ਕੈਡਿਟਾਂ ਨੂੰ ਪਹਿਲੀ ਵਾਰ ਐਨਡੀਏ ਵਿੱਚ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਉਹ ਬਾਅਦ ਵਿੱਚ ਫੌਜ, ਨੇਵੀ ਅਤੇ ਭਾਰਤੀ ਹਵਾਈ ਫੌਜ ਵਿੱਚ ਅਫਸਰ ਵਜੋਂ ਸੇਵਾਵਾਂ ਦੇ ਸਕਣ । ਨੈਸ਼ਨਲ ਡਿਫੈਂਸ ਅਕੈਡਮੀ ਅਗਲੇ ਸਾਲ ਕੁੱਲ 400 ਕੈਡਿਟਾਂ ਦੀ ਭਰਤੀ ਕਰੇਗੀ, ਜਿਨ੍ਹਾਂ ਵਿੱਚੋਂ ਫੌਜ 10 ਔਰਤਾਂ ਸਮੇਤ 208 ਉਮੀਦਵਾਰਾਂ ਨੂੰ ਸ਼ਾਮਿਲ ਕਰੇਗੀ । ਇਸ ਤੋਂ ਇਲਾਵਾ ਜਲ ਸੈਨਾ ਤਿੰਨ ਔਰਤਾਂ ਸਮੇਤ 42 ਉਮੀਦਵਾਰਾਂ ਨੂੰ ਦਾਖ਼ਲ ਕਰੇਗੀ, ਜਦੋਂ ਕਿ ਭਾਰਤੀ ਹਵਾਈ ਸੈਨਾ 120 ਉਮੀਦਵਾਰਾਂ ਨੂੰ ਦਾਖ਼ਲ ਕਰੇਗੀ, ਜਿਨ੍ਹਾਂ ਵਿੱਚੋਂ ਛੇ ਔਰਤਾਂ ਹੋਣਗੀਆਂ ।
ਇਹ ਵੀ ਪੜ੍ਹੋ: PM ਮੋਦੀ ਨੂੰ ਇਕ ਹੋਰ ਅੰਤਰਰਾਸ਼ਟਰੀ ਸਨਮਾਨ, ਸਰਵਉੱਚ ਨਾਗਰਿਕ ਐਵਾਰਡ ਨਾਲ ਨਿਵਾਜੇਗਾ ਭੂਟਾਨ
ਦੱਸ ਦੇਈਏ ਕਿ ਐਨਡੀਏ ਆਪਣਾ ਬੁਨਿਆਦੀ ਢਾਂਚਾ ਵਿਕਸਤ ਕਰ ਰਿਹਾ ਹੈ। ਉਹ ਇੱਕ ਮਜ਼ਬੂਤ ਸੁਰੱਖਿਆ ਤੰਤਰ ਸਥਾਪਿਤ ਕਰ ਰਿਹਾ ਹੈ ਅਤੇ ਮਹਿਲਾ ਟ੍ਰੇਨਰਾਂ, ਗਾਇਨੀਕੋਲੋਜਿਸਟ ਸਮੇਤ ਡਾਕਟਰਾਂ ਅਤੇ ਹੋਰ ਲੋੜੀਂਦੇ ਸਹਾਇਕ ਸਟਾਫ ਦੀ ਨਿਯੁਕਤੀ ਸ਼ੁਰੂ ਕਰ ਰਿਹਾ ਹੈ। ਇਹ ਅਗਲੇ ਸਾਲ ਪਹਿਲੀ ਵਾਰ ਆਪਣੇ ਕੈਂਪਸ ਵਿੱਚ ਮਹਿਲਾ ਕੈਡਿਟਾਂ ਦਾ ਸਵਾਗਤ ਕਰਨ ਲਈ ਹੋਰ ਜ਼ਰੂਰੀ ਕਦਮ ਚੁੱਕ ਰਿਹਾ ਹੈ।
ਗੌਰਤਲਬ ਹੈ ਕਿ ਹੁਣ ਤੱਕ, ਮਹਿਲਾ ਅਧਿਕਾਰੀ ਆਫੀਸਰਜ਼ ਟਰੇਨਿੰਗ ਅਕੈਡਮੀ (OTA), ਚੇਨਈ ਤੋਂ ਫੌਜ ਵਿੱਚ ਸ਼ਾਮਿਲ ਹੋਈਆਂ ਅਤੇ ਭਾਰਤੀ ਜਲ ਸੈਨਾ ਅਕੈਡਮੀ ਅਤੇ ਹਵਾਈ ਸੈਨਾ ਅਕੈਡਮੀ ਤੋਂ ਨੇਵੀ ਅਤੇ ਹਵਾਈ ਫੌਜ ਵਿੱਚ ਸ਼ਾਮਿਲ ਹੋਈਆਂ ਸਨ । NDA ਪਹਿਲਾਂ ਹੀ ਆਪਣੇ ਮੌਜੂਦਾ 18 ਵਿੱਚ ਦੋ ਹੋਰ ਸਕੁਐਡਰਨ ਜੋੜਨ ਅਤੇ ਫੌਜੀ ਕੈਡਿਟਾਂ ਦੀ ਸਾਲਾਨਾ ਭਰਤੀ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: