Room Heater side effects: ਸਰਦੀਆਂ ‘ਚ ਕੜਾਕੇ ਦੀ ਠੰਡ ਤੋਂ ਬਚਣ ਲਈ ਲੋਕ ਜ਼ਿਆਦਾ ਕੱਪੜੇ ਪਾਉਣ, ਗਰਮ ਪਾਣੀ ਪੀਣਾ ਆਦਿ ਉਪਾਅ ਅਪਣਾਉਂਦੇ ਹਨ। ਇਸ ਤੋਂ ਇਲਾਵਾ ਕਈ ਲੋਕ ਘਰਾਂ ‘ਚ ਹੀਟਰ ਦੀ ਵਰਤੋਂ ਵੀ ਕਰਦੇ ਹਨ। ਇਸ ਨਾਲ ਤੇਜ਼ ਠੰਡ ਤੋਂ ਮਿੰਟਾਂ ‘ਚ ਰਾਹਤ ਮਿਲ ਜਾਂਦੀ ਹੈ। ਪਰ ਸਿਹਤ ਮਾਹਿਰਾਂ ਅਨੁਸਾਰ ਭਾਵੇਂ ਹੀਟਰ ਠੰਡ ਤੋਂ ਰਾਹਤ ਪ੍ਰਦਾਨ ਕਰਦਾ ਹੈ। ਪਰ ਘੰਟਿਆਂ ਤੱਕ ਇਸਦੇ ਸਾਹਮਣੇ ਬੈਠਣਾ ਸਕਿਨ ਅਤੇ ਸਿਹਤ ਨੂੰ ਕਈ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਹੀਟਰ ਦੀ ਵਰਤੋਂ ਨਾਲ ਜੁੜੀਆਂ ਕੁਝ ਖਾਸ ਸਾਵਧਾਨੀਆਂ ਦੱਸਦੇ ਹਾਂ…
ਹੀਟਰ ਇਸ ਤਰ੍ਹਾਂ ਕਰਦਾ ਹੈ ਕੰਮ: ਹੀਟਰਜ਼ ਦੇ ਅੰਦਰ ਜ਼ਿਆਦਾਤਰ ਲਾਲ-ਗਰਮ ਧਾਤ ਦੀਆਂ ਡੰਡੀਆਂ ਜਾਂ ਸਿਰੇਮਿਕ ਕੋਰ ਲੱਗੇ ਹੁੰਦੇ ਹਨ। ਇਸ ਤੋਂ ਨਿਕਲਣ ਵਾਲੀ ਗਰਮਾਹਟ ਹਵਾ ‘ਚ ਮੌਜੂਦ ਨਮੀ ਨੂੰ ਜਜ਼ਬ ਕਰਨ ਦਾ ਕੰਮ ਕਰਦੀ ਹੈ। ਅਜਿਹੇ ‘ਚ ਹੀਟਰ ‘ਚੋਂ ਨਿਕਲਣ ਵਾਲੀ ਹਵਾ ਬਹੁਤ ਖੁਸ਼ਕ ਹੁੰਦੀ ਹੈ। ਇਹ ਹਵਾ ਤੋਂ ਆਕਸੀਜਨ ਨੂੰ ਜਲਾਉਣ ਅਤੇ ਘੱਟ ਕਰਨ ਦਾ ਕੰਮ ਕਰਦਾ ਹੈ। ਇਸ ਕਾਰਨ ਸਾਹ ਦੀ ਸਮੱਸਿਆ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਜ਼ਿਆਦਾ ਹੀਟਰ ਵਰਤਣ ਦੇ ਨੁਕਸਾਨ: ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ ਹੀਟਰ ‘ਚੋਂ ਸੁੱਕੀ ਹਵਾ ਬਾਹਰ ਆਉਂਦੀ ਹੈ। ਇਸ ਕਾਰਨ ਸਕਿਨ ਸੁੱਕਣ ਲੱਗਦੀ ਹੈ। ਇਸ ਦੇ ਨਾਲ ਹੀ ਇਸ ਕਾਰਨ ਨੀਂਦ ਨਾ ਆਉਣਾ, ਚੱਕਰ ਆਉਣਾ, ਜੀਅ ਕੱਚਾ ਹੋਣਾ, ਸਿਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੇ ‘ਚ ਕਨਵੈਨਸ਼ਨ ਹੀਟਰ, ਹੈਲੋਜਨ ਹੀਟਰ, ਬਲੋਅਰ ਆਦਿ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਹੀਟਰ ‘ਚੋਂ ਕੈਮੀਕਲ ਵੀ ਨਿਕਲਦੇ ਹਨ ਜੋ ਸਰੀਰ ‘ਚ ਦਾਖਲ ਹੋ ਕੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰਦੇ ਹਨ। ਖਾਸ ਤੌਰ ‘ਤੇ ਜੇਕਰ ਅਸਥਮਾ ਜਾਂ ਐਲਰਜੀ ਦੀ ਸਮੱਸਿਆ ਹੈ ਤਾਂ ਹੀਟਰ ਦੀ ਵਰਤੋਂ ਕਰਨ ਨਾਲ ਇਹ ਸਮੱਸਿਆ ਵਧ ਸਕਦੀ ਹੈ।
ਇਨ੍ਹਾਂ ਲੋਕਾਂ ਨੂੰ ਹੀਟਰ ਦੇ ਕੋਲ ਬੈਠਣ ਦਾ ਜ਼ਿਆਦਾ ਖ਼ਤਰਾ: ਕਮਰੇ ‘ਚ ਹੀਟਰ ਲਗਾਉਣ ਨਾਲ ਕਮਰਾ ਪੂਰੀ ਤਰ੍ਹਾਂ ਬੰਦ ਅਤੇ ਗਰਮ ਰਹਿੰਦਾ ਹੈ। ਇਸ ਕਾਰਨ ਕਮਰੇ ‘ਚ ਮੌਜੂਦ ਹਵਾ ਖੁਸ਼ਕ ਹੋ ਜਾਂਦੀ ਹੈ। ਅਜਿਹੇ ‘ਚ ਸਾਹ ਲੈਣ ‘ਚ ਤਕਲੀਫ ਹੋ ਸਕਦੀ ਹੈ। ਉੱਥੇ ਹੀ ਪਹਿਲਾਂ ਤੋਂ ਹੀ ਅਸਥਮਾ ਦੇ ਮਰੀਜ਼ ਹੀਟਰ ਦੀ ਵਰਤੋਂ ਕਰਕੇ ਆਪਣੀ ਸਮੱਸਿਆ ਵਧਾ ਸਕਦੇ ਹਨ। ਅਜਿਹੇ ‘ਚ ਅਸਥਮਾ ਅਤੇ ਸਾਹ ਦੀ ਸਮੱਸਿਆ ਹੋਣ ‘ਤੇ ਹੀਟਰ ਤੋਂ ਦੂਰੀ ‘ਤੇ ਬੈਠਣਾ ਚੰਗਾ ਹੈ। ਇਸ ਦੇ ਨਾਲ ਬ੍ਰੌਨਕਾਈਟਿਸ (ਸਾਹ ਦੀ ਨਲੀ ਦੀ ਸੋਜਸ਼) ਅਤੇ ਸਾਈਨਸ ਦੇ ਮਰੀਜ਼ਾਂ ਨੂੰ ਵੀ ਹੀਟਰਾਂ ਤੋਂ ਐਲਰਜੀ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇਨ੍ਹਾਂ ਮਰੀਜ਼ਾਂ ਦੇ ਫੇਫੜਿਆਂ ‘ਚ ਹੀਟਰ ਦੀ ਹਵਾ ਜਾਣ ਕਾਰਨ ਕਫ਼ ਬਣਨ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਖੰਘ, ਛਿੱਕ ਆਦਿ ਦਾ ਖਤਰਾ ਰਹਿੰਦਾ ਹੈ।
ਐਲਰਜੀ ਵਾਲੇ ਲੋਕਾਂ ਨੂੰ ਹੀਟਰ ਦੇ ਸਾਹਮਣੇ ਬੈਠਣ ਤੋਂ ਬਚੋ: ਅਸਥਮਾ ਦੇ ਨਾਲ ਪਹਿਲਾਂ ਤੋਂ ਕਿਸੀ ਐਲਰਜੀ ਤੋਂ ਪੀੜਤ ਲੋਕਾਂ ਨੂੰ ਵੀ ਹੀਟਰ ਤੋਂ ਥੋੜ੍ਹੀ ਦੂਰੀ ‘ਤੇ ਬੈਠਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੀਟਰ ਦੀ ਵਰਤੋਂ ਘੱਟ ਹੀ ਕਰਨੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਆਮ ਦੇ ਬਜਾਏ ਤੇਲ ਵਾਲੇ ਹੀਟਰ ਦੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਦੇ ਹੀਟਰ ‘ਚ ਤੇਲ ਨਾਲ ਭਰੀ ਪਾਈਪ ਕਾਰਨ ਕਮਰੇ ਦੀ ਹਵਾ ਖੁਸ਼ਕ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਆਪਣੇ ਰੈਗੂਲਰ ਹੀਟਰ ਨੂੰ ਕੁਝ ਮਿੰਟਾਂ ਲਈ ਵਰਤਣ ਤੋਂ ਬਾਅਦ ਹੀ ਬੰਦ ਕਰ ਦਿਓ। ਇਸ ਦੇ ਨਾਲ ਹੀ ਸਾਈਨਸ ਜਾਂ ਬ੍ਰੌਨਕਾਈਟਸ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਹਿਊਮਿਡੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਹਵਾ ‘ਚ ਨਮੀ ਨੂੰ ਬਰਕਰਾਰ ਰੱਖਣ ‘ਚ ਮਦਦ ਕਰਦਾ ਹੈ। ਅਜਿਹੇ ‘ਚ ਸਾਹ ਦੀ ਸਮੱਸਿਆ ਹੋਣ ਦਾ ਖਤਰਾ ਕਈ ਗੁਣਾ ਘੱਟ ਜਾਂਦਾ ਹੈ।
ਗੈਸ ਹੀਟਰਾਂ ਤੋਂ ਰਹੋ ਸਾਵਧਾਨ: ਬਾਜ਼ਾਰ ‘ਚ ਵੱਖ-ਵੱਖ ਤਰ੍ਹਾਂ ਦੇ ਹੀਟਰ ਉਪਲਬਧ ਹਨ। ਅਜਿਹੇ ‘ਚ ਇਨ੍ਹਾਂ ਤੋਂ ਗੈਸ ਹੀਟਰ ਲੈਣ ਦੀ ਗਲਤੀ ਨਾ ਕਰੋ। ਮਾਹਿਰਾਂ ਅਨੁਸਾਰ ਜਿਨ੍ਹਾਂ ਘਰਾਂ ‘ਚ ਗੈਸ ਹੀਟਰ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਉੱਥੇ ਬੱਚੇ ਅਸਥਮਾ ਦੇ ਸ਼ਿਕਾਰ ਹੋ ਸਕਦੇ ਹਨ। ਇਸ ਦੇ ਨਾਲ ਹੀ ਘਰ ਦੇ ਮੈਂਬਰਾਂ ‘ਚ ਖ਼ੰਘ, ਘਬਰਾਹਟ, ਛਿੱਕ, ਫੇਫੜਿਆਂ ਦੇ ਖਰਾਬ ਹੋਣ ਦੇ ਲੱਛਣ ਦੇਖੇ ਜਾ ਸਕਦੇ ਹਨ। ਦਰਅਸਲ ਇਨ੍ਹਾਂ ਹੀਟਰਾਂ ‘ਚ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ। ਇਸ ਗੈਸ ਦਾ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਇਸ ਤਰ੍ਹਾਂ ਹੀਟਰ ਦੀ ਵਰਤੋਂ ਤੋਂ ਬਚੋ: ਕਈ ਲੋਕ ਬੈੱਡ ਨੂੰ ਗਰਮ ਕਰਨ ਲਈ ਹੀਟਰ ਨੂੰ ਕੰਬਲ ਜਾਂ ਰਜਾਈ ਦੇ ਅੰਦਰ ਰੱਖਦੇ ਹਨ। ਪਰ ਇਸ ਕਾਰਨ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ। ਇਸ ਲਈ ਕਦੇ ਵੀ ਅਜਿਹਾ ਕਰਨ ਦੀ ਗਲਤੀ ਨਾ ਕਰੋ।