ਕੋਆਪ੍ਰੇਟਿਵ ਬੈਂਕ ਇੰਪਲਾਈਜ਼ ਫੈੱਡਰੇਸ਼ਨ ਸਟੇਟ ਆਫ ਪੰਜਾਬ ਵੱਲੋਂ ਦਿੱਤੇ ਸੰਘਰਸ਼ ਪ੍ਰੋਗਰਾਮ ਅਨੁਸਾਰ ਸਹਿਕਾਰੀ ਬੈਂਕ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਸੱਤਵੇਂ ਦਿਨ ਵੀ ਜ਼ਾਰੀ ਰਹੀ ਅਤੇ ਪੂਰੇ ਪੰਜਾਬ ਭਰ ਦੀਆਂ ਜਿ਼ਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਵਿੱਚ ਮਿਤੀ 27-12-2021 ਨੂੰ ਵੀ ਪੂਰਾ ਦਿਨ ਕਲਮਛੋੜ ਹੜਤਾਲ ਕਰਕੇ ਬੈਂਕ ਦਾ ਸਮੁੱਚਾ ਕੰਮਕਾਜ ਬੰਦ ਰੱਖਿਆ ਗਿਆ। ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਮੁਲਾਜ਼ਮਾਂ ਵੱਲੋਂ ਵੀ ਜ਼ਿਲ੍ਹੇ ਦੀਆਂ 66 ਬਰਾਂਚਾਂ ਅਤੇ ਮੁੱਖ ਦਫਤਰ ਵਿੱਚ ਪੂਰਾ ਦਿਨ ਕਲਮਛੋੜ ਹੜਤਾਲ ਕਰਕੇ ਮੁੱਖ ਦਫਤਰ ਵਿਖੇ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਮੁੱਖ ਦਫਤਰ ਦੇ ਸਮੂਹ ਸਟਾਫ ਤੋਂ ਇਲਾਵਾ ਬੈਂਕ ਬਰਾਂਚਾਂ ਦੇ ਸਟਾਫ ਵੱਲੋਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।
ਬੈਂਕ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਰਜਨੀਸ਼ ਕੁਮਾਰ ਕੌਸ਼ਲ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਬੋਰਡਾਂ/ਕਾਰਪੋਰੇਸ਼ਨਾਂ/ਸਹਿਕਾਰੀ ਸੰਸਥਾਵਾਂ ਤੇ ਲਾਗੂ ਕਰਨ ਸਬੰਧੀ ਪੱਤਰ ਜ਼ਾਰੀ ਕੀਤਾ ਜਾ ਚੁੱਕਾ ਹੈ ਪਰ ਪੰਜਾਬ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਦੀ ਮੈਨੇਜ਼ਮੈਂਟ ਵੱਲੋਂ 6ਵੇਂ ਪੇ ਕਮਿਸ਼ਨ ਨੂੰ ਬੈਂਕ ਵਿੱਚ ਲਾਗੂ ਕਰਨ ਵਿੱਚ ਟਾਲ-ਮਟੋਲ ਕੀਤੀ ਜਾ ਰਹੀ ਹੈ ਅਤੇ ਬੇਲੋੜੀਆਂ ਅੜਚਣਾਂ ਪਾਈਆਂ ਜਾ ਰਹੀਆਂ ਹਨ।