ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੀ ਅਲੋਚਨਾ ਕਰਨ ਵਾਲੇ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇਸ ਵਾਰ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ । ਮਲਿਕ ਨੇ ਐਤਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਜਦੋਂ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਤਾਂ ਉਹ ‘ਹੰਕਾਰ’ ਵਿੱਚ ਸਨ ।
ਹਰਿਆਣਾ ਦੇ ਦਾਦਰੀ ਵਿੱਚ ਇੱਕ ਸਮਾਜਿਕ ਸਮਾਗਮ ਨੂੰ ਸੰਬੋਧਿਤ ਕਰਦਿਆਂ ਸੱਤਿਆਪਾਲ ਮਲਿਕ ਨੇ ਕਿਹਾ ਕਿ ਜਦੋਂ ਮੈਂ ਕਿਸਾਨਾਂ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਮਿਲਿਆ ਤਾਂ ਮੇਰੀ ਪੰਜ ਮਿੰਟਾਂ ਵਿੱਚ ਹੀ ਉਨ੍ਹਾਂ ਨਾਲ ਲੜਾਈ ਹੋ ਗਈ। ਉਹ ਬਹੁਤ ਘਮੰਡ ਵਿੱਚ ਸੀ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਾਡੇ 500 ਲੋਕ ਮਰ ਗਏ ਹਨ, ਤਾਂ ਉਨ੍ਹਾਂ ਕਿਹਾ ‘ਕੀ ਉਹ ਮੇਰੇ ਲਈ ਮਰੇ ਹਨ?’ ਮੈਂ ਕਿਹਾ ਕਿ ਤੁਹਾਡੇ ਲਈ ਹੀ ਮਰੇ ਸੀ, ਕਿਉਂਕਿ ਤੁਸੀਂ ਰਾਜਾ ਜੋ ਬਣੇ ਹੋਏ ਹੋ, ਇਸਨੂੰ ਲੈ ਕੇ ਮੇਰੀ ਉਨ੍ਹਾਂ ਨਾਲ ਲੜਾਈ ਹੋ ਗਈ । ਮਲਿਕ ਨੇ ਅੱਗੇ ਕਿਹਾ ਕਿ ਪੀਐੱਮ ਨੇ ਕਿਹਾ ਹੁਣ ਤੁਸੀਂ ਅਮਿਤ ਸ਼ਾਹ ਨੂੰ ਮਿਲ ਲਓ । ਜਿਸ ਤੋਂ ਬਾਅਦ ਮੈਂ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਪੰਜਾਬ ਚੋਣਾਂ: ‘ਆਪ’ ਨੇ 7ਵੀਂ ਲਿਸਟ ‘ਚ ਜਲੰਧਰ ਕੈਂਟ ਸਣੇ 5 ਸੀਟਾਂ ਤੋਂ ਉਮੀਦਵਾਰ ਐਲਾਨੇ
ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਅੰਦੋਲਨਕਾਰੀ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈਣ ਲਈ ਇਮਾਨਦਾਰੀ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਕਾਨੂੰਨੀ ਰੂਪ ਦੇਣਾ ਹੋਵੇਗਾ। ਮਲਿਕ ਨੇ ਕਿਹਾ ਕਿ ਉਹ ਖੁਦ ਵੀ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ ਹਨ। ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸਿਰਫ਼ ਮੁਅੱਤਲ ਕੀਤਾ ਗਿਆ ਹੈ ਅਤੇ ਜੇਕਰ ਬੇਇਨਸਾਫ਼ੀ ਹੋਈ ਤਾਂ ਇਹ ਮੁੜ ਸ਼ੁਰੂ ਹੋਵੇਗਾ।
ਇਸ ਤੋਂ ਅੱਗੇ ਮਲਿਕ ਨੇ ਕਿਹਾ ਕਿ ਅੰਨਦਾਤਾ (ਕਿਸਾਨਾਂ) ਨੇ ਆਪਣੇ ਹੱਕਾਂ ਦੀ ਲੜਾਈ ਜਿੱਤੀ ਹੈ ਅਤੇ ਭਵਿੱਖ ਵਿੱਚ ਵੀ ਜੇਕਰ ਕੋਈ ਸਰਕਾਰ ਕਿਸਾਨਾਂ ਵਿਰੁੱਧ ਕੋਈ ਕਦਮ ਚੁੱਕੇਗੀ ਤਾਂ ਉਹ ਇਸ ਦਾ ਦਿਲੋਂ ਵਿਰੋਧ ਕਰਨਗੇ ਅਤੇ ਜੇਕਰ ਅਹੁਦਾ ਛੱਡਣ ਦੀ ਗੱਲ ਵੀ ਆਈ ਤਾਂ ਉਹ ਪਿੱਛੇ ਨਹੀਂ ਹਟਣਗੇ। ਮਲਿਕ ਨੇ ਕਿਹਾ, ‘ਮੇਰੇ ਲਈ ਕਿਸੇ ਵੀ ਅਹੁਦੇ ਤੋਂ ਪਹਿਲਾਂ ਕਿਸਾਨਾਂ ਦਾ ਹਿੱਤ ਸਭ ਤੋਂ ਉੱਪਰ ਹੈ।’ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਨੂੰ ਖ਼ਤਰੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕਿਸਾਨਾਂ ਨਾਲ ਸਬੰਧਤ ਕੋਈ ਕਾਨੂੰਨ ਬਣਾਉਂਦੀ ਹੈ ਤਾਂ ਪਹਿਲਾਂ ਕਿਸਾਨਾਂ ਦੀ ਰਾਏ ਲਈ ਜਾਵੇ ਅਤੇ ਜੇਕਰ ਕੋਈ ਕਾਨੂੰਨ ਬਣਾਉਣਾ ਹੈ ਤਾਂ ਕਿਸਾਨਾਂ ਦੇ ਭਲੇ ਲਈ ਬਣਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: