ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਦੀ ਕਾਰ ‘ਤੇ ਕੁੱਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾਈਆਂ ਹਨ। ਰੇਹਮ ਖਾਨ ਨੇ ਟਵੀਟ ਕਰਕੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ।
ਰੇਹਮ ਨੇ ਪਾਕਿਸਤਾਨ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਪੁੱਛਿਆ, “ਕੀ ਇਹ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਨੂੰ ਡਰਪੋਕ, ਠੱਗਾਂ ਅਤੇ ਲਾਲਚੀ ਲੋਕਾਂ ਦਾ ਦੇਸ਼ ਕਿਹਾ।” ਰੇਹਮ ਖਾਨ ਨੇ ਟਵੀਟ ‘ਚ ਲਿਖਿਆ, “ਮੈਂ ਆਪਣੇ ਭਤੀਜੇ ਦੇ ਵਿਆਹ ਤੋਂ ਵਾਪਸ ਆ ਰਹੀ ਸੀ। ਰਸਤੇ ‘ਚ ਕੁੱਝ ਲੋਕਾਂ ਨੇ ਮੇਰੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਦੋ ਮੋਟਰਸਾਈਕਲ ਸਵਾਰਾਂ ਨੇ ਬੰਦੂਕ ਦੀ ਨੋਕ ‘ਤੇ ਮੇਰੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੈਂ ਤੁਰੰਤ ਆਪਣੀ ਕਾਰ ਬਦਲੀ। ਮੇਰਾ ਸੁਰੱਖਿਆ ਗਾਰਡ ਅਤੇ ਡਰਾਈਵਰ ਕਾਰ ਵਿੱਚ ਸਨ। ਕੀ ਇਹ ਹੈ ਇਮਰਾਨ ਖਾਨ ਦਾ ਨਵਾਂ ਪਾਕਿਸਤਾਨ? ਕਾਇਰਾਂ, ਲੁਟੇਰਿਆਂ ਅਤੇ ਲਾਲਚੀ ਲੋਕਾਂ ਦੀ ਧਰਤੀ ‘ਤੇ ਤੁਹਾਡਾ ਸੁਆਗਤ ਹੈ।”
ਰੇਹਮ ਨੇ ਅੱਗੇ ਲਿਖਿਆ, “ਮੈਂ ਇੱਕ ਆਮ ਪਾਕਿਸਤਾਨੀ ਵਾਂਗ ਜੀਣਾ ਅਤੇ ਮਰਨਾ ਚਾਹੁੰਦੀ ਹਾਂ। ਮੇਰੇ ‘ਤੇ ਹਮਲਾ ਹੋਵੇ ਜਾਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਣ। ਇਸ ਲਈ ਇਸ ਅਖੌਤੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਮੈਂ ਆਪਣੀ ਮਾਤ ਭੂਮੀ ਲਈ ਗੋਲੀ ਖਾਣ ਨੂੰ ਵੀ ਤਿਆਰ ਹਾਂ।” ਬ੍ਰਿਟਿਸ਼-ਪਾਕਿਸਤਾਨੀ ਮੂਲ ਦੀ ਪੱਤਰਕਾਰ ਅਤੇ ਸਾਬਕਾ ਟੀਵੀ ਐਂਕਰ ਰੇਹਮ ਖਾਨ ਦਾ ਵਿਆਹ 2014 ਵਿੱਚ ਇਮਰਾਨ ਖਾਨ ਨਾਲ ਹੋਇਆ ਸੀ।
ਦੋਵਾਂ ਦਾ ਵਿਆਹ ਸਿਰਫ 10 ਮਹੀਨੇ ਹੀ ਚੱਲਿਆ ਸੀ। 48 ਸਾਲਾਂ ਰੇਹਮ , ਆਪਣੇ ਸਾਬਕਾ ਪਤੀ ਦੀ ਸਪੱਸ਼ਟ ਆਲੋਚਕ ਵਜੋਂ ਜਾਣੀ ਜਾਂਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੇਹਮ ਖਾਨ ਨੇ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਮੁੱਦਿਆਂ ‘ਤੇ ਇਮਰਾਨ ਖਾਨ ਨੂੰ ਘੇਰ ਚੁੱਕੀ ਹੈ। 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਰੇਹਮ ਖਾਨ ਨੇ ਕਿਹਾ ਸੀ ਕਿ ਇਮਰਾਨ ਖਾਨ ਪਾਕਿਸਤਾਨ ਦੀ ਫੌਜ ਦੀ ਕਠਪੁਤਲੀ ਹੈ, ਇਮਰਾਨ ਵਿਚਾਰਧਾਰਾ ਅਤੇ ਉਦਾਰਵਾਦੀ ਨੀਤੀ ਨਾਲ ਸਮਝੌਤਾ ਕਰਕੇ ਸੱਤਾ ਵਿੱਚ ਆਏ ਸਨ।
ਤਲਾਕ ਤੋਂ ਬਾਅਦ ਰੇਹਮ ਖਾਨ ਨੇ ਨਾ ਸਿਰਫ ਇਮਰਾਨ ਖਾਨ ਨਾਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੱਡੇ ਖੁਲਾਸੇ ਕੀਤੇ ਹਨ ਬਲਕਿ ਇਮਰਾਨ ਸਰਕਾਰ ਦੇ ਫੈਸਲਿਆਂ ਦੀ ਵੀ ਸਖ਼ਤ ਆਲੋਚਨਾ ਕੀਤੀ ਹੈ। ਰੇਹਮ ਖਾਨ ਅਕਸਰ ਆਪਣੀ ਆਤਮਕਥਾ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾ ‘ਚ ਰਹਿੰਦੀ ਹੈ। ਉਸ ਨੇ ਇਮਰਾਨ ਖਾਨ ‘ਤੇ ਸਮਲਿੰਗੀ ਹੋਣ ਦਾ ਦੋਸ਼ ਵੀ ਲਗਾਇਆ ਹੈ।
ਇਹ ਵੀ ਪੜ੍ਹੋ : ਤਾਲਿਬਾਨ ਨੇ ਨਦੀ ‘ਚ ਵਹਾਈ 3000 ਲੀਟਰ ਸ਼ਰਾਬ, ਕਿਹਾ- ‘ਇਸ ਤੋਂ ਦੂਰ ਰਹਿਣ ਮੁਸਲਮਾਨ’
ਰੇਹਮ ਖਾਨ ਦਾ ਦਾਅਵਾ ਹੈ ਕਿ ਇਮਰਾਨ ਖਾਨ ਦੇ ਪਾਕਿਸਤਾਨੀ ਅਦਾਕਾਰ ਹਮਜ਼ਾ ਅਲੀ ਅੱਬਾਸੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀਟੀਆਈ) ਦੇ ਨੇਤਾ ਮੁਰਾਦ ਸਈਦ ਨਾਲ ਸਬੰਧ ਸਨ। ਰੇਹਮ ਖਾਨ ਨੇ ਇਮਰਾਨ ਖਾਨ ‘ਤੇ ਜਿਨਸੀ ਸ਼ੋਸ਼ਣ ਦਾ ਵੀ ਦੋਸ਼ ਲਗਾਇਆ ਸੀ। ਇਮਰਾਨ ਖਾਨ ਨੇ ਜਨਵਰੀ 2015 ਵਿੱਚ ਰੇਹਮ ਤੋਂ ਤਲਾਕ ਲੈ ਲਿਆ ਸੀ। ਇਸ ਤੋਂ ਬਾਅਦ ਇਮਰਾਨ ਖਾਨ ਨੇ ਬੁਸ਼ਰਾ ਮੇਨਕਾ ਨਾਲ ਤੀਜੀ ਵਾਰ ਵਿਆਹ ਕੀਤਾ ਸੀ। ਇਮਰਾਨ ਦਾ ਪਹਿਲਾ ਵਿਆਹ ਬ੍ਰਿਟਿਸ਼ ਮਹਿਲਾ ਜੇਮਿਮਾ ਗੋਲਡਸਮਿਥ ਨਾਲ ਹੋਇਆ ਸੀ। ਇਮਰਾਨ ਖਾਨ ਦਾ ਜੇਮਿਮਾ ਨਾਲ 1995 ਵਿੱਚ ਤਲਾਕ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: